
ਪੰਜਾਬ ਦੀ ਭਗਵੰਤ ਮਾਨ ਸਰਕਾਰ ਗੁਜਰਾਤ ਤੋਂ ਪਿਆਜ਼ ਮੰਗਾਉਣ ਦੀ ਯੌਜਨਾ ਬਣਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਗੁਜਰਾਤ ਦੇ ਭਾਵਨਗਰ ਵਿੱਚ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀਆਂ ਸਰਕਾਰਾਂ ਉਨ੍ਹਾਂ ਤੋਂ ਪਿਆਜ਼ ਖਰੀਦਣ ਲਈ ਰੇਲ ਗੱਡੀਆਂ ਭੇਜਣਗੀਆਂ ਤਾਂ ਜੋ ਵਪਾਰੀਆਂ ਤੋਂ ਘੱਟ ਕੀਮਤਾਂ ਦੀ ਮੌਜੂਦਾ ਸਥਿਤੀ ਵਿੱਚ ਘਾਟੇ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹੇ ਦੇ ਕਿਸਾਨਾਂ ਨੇ ਭਾਵਨਗਰ ਸਰਕਟ ਹਾਊਸ ਵਿਖੇ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ, ਕਿਉਂਕਿ ਬੰਪਰ ਫ਼ਸਲ ਕਾਰਨ ਭਾਅ ਡਿੱਗ ਗਏ ਹਨ। ਸਰਕਟ ਹਾਊਸ ਦੇ ਬਾਹਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ 'ਆਪ' ਦੀ ਗੁਜਰਾਤ ਇਕਾਈ ਦੇ ਪ੍ਰਧਾਨ ਇਸੁਦਨ ਗਾਧਵੀ ਨੂੰ ਕਿਸਾਨਾਂ ਤੋਂ ਵੇਰਵੇ ਇਕੱਠੇ ਕਰਨ ਲਈ ਕਿਹਾ ਤਾਂ ਜੋ ਪਾਰਟੀ ਅਗਲੇ ਮਹੀਨੇ ਹੋਣ ਵਾਲੇ ਸੰਸਦ ਸੈਸ਼ਨ 'ਚ ਲੋਕ ਸਭਾ ਅਤੇ ਰਾਜ ਸਭਾ 'ਚ ਇਸ ਮੁੱਦੇ ਨੂੰ ਉਠਾ ਸਕੇ।
ਮਾਨ ਨੇ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ, ਇਸ ਲਈ ਮੈਂ ਤੁਹਾਡਾ ਦਰਦ ਸਮਝਦਾ ਹਾਂ। ਕਿਰਪਾ ਕਰਕੇ ਆਪਣੀਆਂ ਫਸਲਾਂ ਨੂੰ ਤਬਾਹ ਨਾ ਕਰੋ। ਮੈਂ ਪੰਜਾਬ ਅਤੇ ਦਿੱਲੀ ਵਿੱਚ ਪਿਆਜ਼ ਦੀ ਮੰਗ ਬਾਰੇ ਪੁੱਛਗਿੱਛ ਕਰਾਂਗਾ ਅਤੇ ਫਿਰ ਇੱਥੋਂ ਸਟਾਕ ਚੁੱਕਾਂਗਾ। ਅਸੀਂ ਤੁਹਾਡੇ ਪਿਆਜ਼ ਲਿਜਾਣ ਲਈ ਰੇਲ ਭੇਜਾਂਗੇ। ਮਾਨ ਨੂੰ ਮਿਲਣ ਆਏ ਕਿਸਾਨ ਨਿਕੁਲ ਸਿੰਘ ਜੱਲਾ ਅਨੁਸਾਰ ਭਾਵਨਗਰ ਵਿੱਚ ਪਿਆਜ਼ ਉੱਚ ਗੁਣਵੱਤਾ ਲਈ ਜਾਣਿਆ ਜਾਂਦਾ ਹੈ ਪਰ ਥੋਕ ਵਿਕਰੇਤਾਵਾਂ ਦੀ ਅਜਾਰੇਦਾਰੀ ਕਾਰਨ ਕਿਸਾਨਾਂ ਨੂੰ ਵਾਜਬ ਭਾਅ ਨਹੀਂ ਮਿਲ ਰਿਹਾ।
ਜਾਲਾ ਨੇ ਕਿਹਾ ਕਿ ਅਸੀਂ ਭਾਵਨਗਰ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਘੱਟ ਭਾਅ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਕਰਨ ਲਈ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪੰਜਾਬ ਅਤੇ ਦਿੱਲੀ ਸਰਕਾਰਾਂ ਸਾਡੇ ਪਿਆਜ਼ ਨੂੰ ਖਰੀਦ ਕੇ ਉਨ੍ਹਾਂ ਰਾਜਾਂ ਤੱਕ ਪਹੁੰਚਾਉਣ ਲਈ ਇੱਥੇ ਇੱਕ ਰੇਲਗੱਡੀ ਭੇਜਣਗੀਆਂ। ਇੱਕ ਹੋਰ ਕਿਸਾਨ ਮੋਹਨ ਮਕਵਾਨਾ ਨੇ ਕਿਹਾ ਕਿ ਮਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 'ਆਪ' ਦੇ ਸਾਰੇ ਪੰਜ ਵਿਧਾਇਕ ਮੌਜੂਦਾ ਬਜਟ ਸੈਸ਼ਨ ਦੌਰਾਨ ਗੁਜਰਾਤ ਵਿਧਾਨ ਸਭਾ ਵਿੱਚ ਮੁੱਦਾ ਉਠਾਉਣਗੇ।