ਭ੍ਰਿਸ਼ਟਾਚਾਰ 'ਚ ਫਸੇ ਕਾਂਗਰਸੀ ਨੇਤਾਵਾਂ ਨੂੰ ਪਾਰਟੀ 'ਚ ਨਹੀਂ ਲਵੇਗੀ ਭਾਜਪਾ

ਭਾਜਪਾ ਹੁਣ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਇਸ ਲਈ ਉਹ ਕਿਸੇ ਵੀ ਸੂਰਤ ਵਿਚ ਭ੍ਰਿਸ਼ਟਾਚਾਰ ਦਾ ਕਲੰਕ ਆਪਣੇ ਸਿਰ ਨਹੀਂ ਲਗਾਉਣਾ ਚਾਹੁੰਦੀ।
ਭ੍ਰਿਸ਼ਟਾਚਾਰ 'ਚ ਫਸੇ ਕਾਂਗਰਸੀ ਨੇਤਾਵਾਂ ਨੂੰ ਪਾਰਟੀ 'ਚ ਨਹੀਂ ਲਵੇਗੀ ਭਾਜਪਾ

ਪੰਜਾਬ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਕਾਂਗਰਸੀ ਆਗੂਆਂ ਨੂੰ ਝਟਕਾ ਲੱਗਾ ਹੈ। ਇਹ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਦਰਅਸਲ, ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ 'ਲਾਇਨ ਆਫ਼ ਐਕਸ਼ਨ' ਬਦਲ ਲਈ ਹੈ।

ਭਾਜਪਾ ਹੁਣ ਭ੍ਰਿਸ਼ਟਾਚਾਰ ਵਿੱਚ ਫਸੇ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕਰੇਗੀ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ 'ਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ। ਕਿਉਂਕਿ ਉਨ੍ਹਾਂ ਵੱਲੋਂ ਦਿੱਤੀ ਗਈ ਸੂਚੀ ਵਿੱਚ ਕੁਝ ਨਾਵਾਂ ਨੂੰ ਭਾਜਪਾ ਨੇ ਨਾਂ ਮਨਜੂਰ ਕਰ ਲਿਆ ਸੀ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਕੈਪਟਨ ਦੇ ਖਾਸਮਖਾਸ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਸੀ।

ਸਾਧੂ ਸਿੰਘ ਧਰਮਸੋਤ ਦਾ ਨਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਪਹਿਲਾਂ ਹੀ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤਾਂ ਦੀ ਕਟਾਈ ਤੋਂ ਲੈ ਕੇ ਟ੍ਰੀ ਗਾਰਡ ਖਰੀਦਣ ਤੱਕ ਕਮਿਸ਼ਨ ਲੈਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ਼ ਹੈ। ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਨਾਂ ਕੋਰੋਨਾ ਦੇ ਸਮੇਂ ਦੌਰਾਨ ਖਰੀਦੇ ਗਏ ਸੈਨੀਟਾਈਜ਼ਰਾਂ ਦੀ ਦੁਰਵਰਤੋਂ, ਬਿਨਾਂ ਮਨਜ਼ੂਰੀ ਦੇ ਤੰਦਰੁਸਤੀ ਕੇਂਦਰ ਦੀਆਂ ਵਸਤੂਆਂ ਖਰੀਦਣ ਆਦਿ ਮਾਮਲਿਆਂ ਵਿੱਚ ਆਉਂਦਾ ਰਹਿੰਦਾ ਹੈ।

ਪਰ ਕੈਪਟਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਵਿੱਚ ਇਹ ਨਾਂ ਸ਼ਾਮਲ ਹੋਣ ਵਾਲੀ ਸੂਚੀ ਵਿੱਚੋਂ ਹਟਾ ਦਿੱਤੇ ਗਏ ਸਨ। ਇਸ ਕਾਰਨ ਉਹ ਸ਼ਾਮਲ ਨਹੀਂ ਹੋ ਸਕੇ। ਜਾਣਕਾਰੀ ਮੁਤਾਬਕ ਭਾਜਪਾ ਨੇ ਉਨ੍ਹਾਂ ਨੇਤਾਵਾਂ ਨੂੰ ਪਾਰਟੀ 'ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਜਾਂ ਗੰਭੀਰ ਦੋਸ਼ ਹਨ।

ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਹੁੰਦਿਆਂ ਭਾਜਪਾ ਦਾ ਭਾਵੇਂ ਛੋਟੇ ਭਰਾ ਦਾ ਕੱਦ ਸੀ ਪਰ ਉਸ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਸੀ। ਭਾਜਪਾ ਹੁਣ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਇਸ ਲਈ ਉਹ ਕਿਸੇ ਵੀ ਸੂਰਤ ਵਿਚ ਭ੍ਰਿਸ਼ਟਾਚਾਰ ਦਾ ਕਲੰਕ ਆਪਣੇ ਸਿਰ ਨਹੀਂ ਲਗਾਉਣਾ ਚਾਹੁੰਦੀ। ਇਹੀ ਕਾਰਨ ਹੈ ਕਿ ਕੈਪਟਨ ਦੀ ਭਾਜਪਾ ਵਿੱਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ। ਦੋ ਵਾਰ ਮੁੱਖ ਮੰਤਰੀ ਅਤੇ ਤਿੰਨ ਵਾਰ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲ ਚੁੱਕੇ ਕੈਪਟਨ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਸ਼ੰਕੇ ਚੱਲ ਰਹੇ ਸਨ ਕਿ ਉਨ੍ਹਾਂ ਨਾਲ ਭਾਜਪਾ ਵਿੱਚ ਕੌਣ-ਕੌਣ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਕੈਪਟਨ ਦੇ ਨਾਲ ਕੋਈ ਵੀ ਵੱਡਾ ਚਿਹਰਾ ਭਾਜਪਾ ਵਿੱਚ ਨਹੀਂ ਗਿਆ।

Related Stories

No stories found.
logo
Punjab Today
www.punjabtoday.com