ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਾਉਣਾ,ਮਾਹੌਲ ਖਰਾਬ ਨਹੀਂ ਹੋਣ ਦੇਵਾਂਗਾ: ਮਾਨ

ਭਗਵੰਤ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਹੱਥਾਂ ਵਿਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਤਰੱਕੀ ਦੇਖਣਾ ਚਾਹੁੰਦੇ ਹਨ, ਪਰ ਕੁੱਝ ਆਗੂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਕਹਿ ਕੇ ਤਬਾਹ ਕਰਨਾ ਚਾਹੁੰਦੇ ਹਨ।
ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਾਉਣਾ,ਮਾਹੌਲ ਖਰਾਬ ਨਹੀਂ ਹੋਣ ਦੇਵਾਂਗਾ: ਮਾਨ
Updated on
2 min read

ਭਗਵੰਤ ਮਾਨ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਖਤੀ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਨੂੰ ਅਫਗਾਨਿਸਤਾਨ ਬਣਾਉਣ ਦੇ ਪੰਜਾਬ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ ਅਤੇ ਸੂਬੇ ਨੂੰ ਅਗਾਂਹਵਧੂ, ਸ਼ਾਂਤਮਈ ਅਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਕੁਝ ਲੋਕ ਆਪਣੇ ਸਵਾਰਥਾਂ ਦੀ ਪੂਰਤੀ ਲਈ ਸੂਬੇ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਚਾਰਕਾਂ ਦਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਸਿਰਫ਼ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਆਗੂਆਂ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਪੰਜਾਬ ਅਤੇ ਇਸ ਦੇ ਲੋਕਾਂ ਦੇ ਦੁਸ਼ਮਣ ਹਨ ਅਤੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਰਿਵਾਰਾਂ ਦੇ ਪੁੱਤਰਾਂ ਨੂੰ ਹਥਿਆਰ ਚੁੱਕਣ ਦਾ ਪ੍ਰਚਾਰ ਕਰਨਾ ਬਹੁਤ ਸੌਖਾ ਸੀ, ਪਰ ਕੌੜੀਆਂ ਹਕੀਕਤਾਂ ਦਾ ਸਾਹਮਣਾ ਕਰਨ 'ਤੇ ਅਜਿਹੇ ਪ੍ਰਚਾਰਕ ਇਨ੍ਹਾਂ ਗੱਲਾਂ ਤੋਂ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਅਖੌਤੀ ਪ੍ਰਚਾਰਕਾਂ ਦੇ ਵਿਚਾਰਾਂ ਵਿੱਚ ਨਹੀਂ ਆਉਣਾ ਚਾਹੀਦਾ, ਜਿਨ੍ਹਾਂ ਦਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਭਾਵਨਾਤਮਕ ਸਾਂਝ ਨਹੀਂ ਹੈ।

ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਇੱਕੋ ਇੱਕ ਉਦੇਸ਼ ਆਪਣੇ ਦੰਗਾਕਾਰੀ ਵਿਚਾਰਾਂ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ 'ਤੇ ਕਾਇਮ ਰੱਖਣ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਨੂੰ ਧਰਮ ਦੇ ਨਾਂ 'ਤੇ ਚਲਾਈਆਂ ਜਾ ਰਹੀਆਂ ਫਿਰਕੂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ।

ਮਾਨ ਨੇ ਕਿਹਾ ਕਿ ਅੱਜ ਸਿੱਖਿਆ ਦਾ ਯੁੱਗ ਹੈ ਅਤੇ ਗਿਆਨ ਅਤੇ ਤਜ਼ਰਬੇ ਵਾਲੇ ਲੋਕ ਪੂਰੀ ਦੁਨੀਆ ਵਿੱਚ ਪਛਾਣੇ ਜਾਂਦੇ ਹਨ। ਇਸੇ ਲਈ ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਹੱਥਾਂ ਵਿਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਤਰੱਕੀ ਦੇਖਣਾ ਚਾਹੁੰਦੇ ਹਨ, ਪਰ ਇਹ ਆਗੂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਕਹਿ ਕੇ ਤਬਾਹ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਆਗੂ ਸੋਚਦੇ ਹਨ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ 'ਤੇ ਵੰਡ ਸਕਦੇ ਹਨ, ਤਾਂ ਉਹ ਸਰਾਸਰ ਗਲਤ ਹਨ, ਕਿਉਂਕਿ ਅਮਨ ਪਸੰਦ ਪੰਜਾਬ ਅਜਿਹੇ ਕਿਸੇ ਵੀ ਯਤਨ ਨੂੰ ਨਾਕਾਮ ਕਰ ਦੇਣਗੇ।

Related Stories

No stories found.
logo
Punjab Today
www.punjabtoday.com