ਡਰੱਗਜ਼ ਮਾਮਲੇ 'ਚ ਨਾਮਜ਼ਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਪੰਜਾਬ ਸਰਕਾਰ 'ਚ ਹੜਕੰਪ ਮੱਚ ਗਿਆ ਹੈ।
ਅੱਜ ਸਵੇਰੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ ਪੁਲੀਸ ਵੀ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਅਤੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਪੁੱਜੀ। ਪਰ ਮਜੀਠੀਆ ਕਿਤੇ ਨਹੀਂ ਮਿਲੇ।
ਦੂਜੇ ਪਾਸੇ ਮਜੀਠੀਆ ਦੀਆਂ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਦੇ ਸਵਾਲ 'ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਿਕਰਮ ਮਜੀਠੀਆ ਹਰ ਨਵੇਂ ਸਾਲ ਦੇ ਪਹਿਲੇ ਦਿਨ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਹਨ। ਉਨ੍ਹਾਂ ਸਪੱਸ਼ਟ ਨਹੀਂ ਕਿਹਾ, ਪਰ ਇਹ ਜ਼ਰੂਰ ਦੱਸਿਆ ਕਿ ਮਜੀਠੀਆ ਦੀਆਂ ਇਹ ਤਸਵੀਰਾਂ ਸ਼ਨੀਵਾਰ ਯਾਨੀ 1 ਜਨਵਰੀ 2022 ਦੀਆਂ ਹੀ ਹਨ।
ਇਸ ਕਾਰਨ ਪੰਜਾਬ ਦੀ ਚੰਨੀ ਸਰਕਾਰ ਕਟਹਿਰੇ ਵਿੱਚ ਆ ਗਈ ਹੈ। ਉਹ ਕਹਿ ਰਹੀ ਹੈ ਕਿ ਮਜੀਠੀਆ ਭਗੌੜਾ ਹੈ ਅਤੇ ਉਸ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਦੱਸ ਦੇਈਏ ਕਿ ਬਿਕਰਮ ਮਜੀਠੀਆ ਖਿਲਾਫ ਪੁਰਾਣੇ ਡਰੱਗ ਮਾਮਲੇ 'ਚ FIR ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਮਜੀਠੀਆ ਅੰਡਰਗਰਾਊੰਡ ਹੋ ਗਏ। ਉਹਨਾਂ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਛੱਡ ਦਿੱਤੀ। ਇਸ ਮਗਰੋਂ ਉਹ ਅਗਾਊਂ ਜ਼ਮਾਨਤ ਲਈ ਮੁਹਾਲੀ ਦੀ ਸੈਸ਼ਨ ਅਦਾਲਤ ਵਿੱਚ ਗਏ, ਪਰ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ।
ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਦੀ ਸੁਣਵਾਈ 5 ਜਨਵਰੀ ਨੂੰ ਹੋਣੀ ਹੈ। ਜੇਕਰ ਚੰਨੀ ਸਰਕਾਰ ਉਦੋਂ ਤੱਕ ਮਜੀਠੀਆ ਨੂੰ ਗ੍ਰਿਫਤਾਰ ਨਾਂ ਕਰ ਸਕੀ ਤਾਂ 5 ਦੀ ਪੇਸ਼ੀ ਤੋਂ ਬਾਅਦ ਉਹ ਵਿਰੋਧੀ ਧਿਰ ਅਤੇ ਖਾਸ ਕਰਕੇ ਸਿੱਧੂ ਦੇ ਨਿਸ਼ਾਨੇ 'ਤੇ ਆ ਸਕਦੀ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਇਹ ਕੇਸ ਦਰਜ ਕੀਤਾ ਹੈ। ਇਸ ਦੀ ਬਜਾਏ ਉਹਨਾਂ ਨੂੰ ਚੋਣ ਮੈਦਾਨ ਵਿੱਚ ਲੜਨਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਕਿ ਨਵਜੋਤ ਸਿੱਧੂ ਜਾਂ ਚਰਨਜੀਤ ਚੰਨੀ ਨੂੰ ਮਜੀਠੀਆ ਖਿਲਾਫ ਚੋਣ ਲੜਨੀ ਚਾਹੀਦੀ ਹੈ। ਇਸ ਤੋਂ ਪਤਾ ਲੱਗੇਗਾ ਕਿ ਲੋਕ ਮਜੀਠੀਆ ਨੂੰ ਕਿੰਨਾ ਪਿਆਰ ਕਰਦੇ ਹਨ।