ਜਲੰਧਰ 'ਚ ਭਾਜਪਾ ਨੇ ਪਾੜੇ 'ਮੋਦੀ ਹਟਾਓ ਦੇਸ਼ ਬਚਾਓ' ਦੇ ਪੋਸਟਰ
ਆਮ ਆਦਮੀ ਪਾਰਟੀ ਦੇ ਨੇਤਾ ਹਰਭਜਨ ਸਿੰਘ ਈਟੀਓ ਨੇ ਪਿੱਛਲੇ ਦਿਨੀ ਮੋਦੀ ਸਰਕਾਰ ਦੇ ਖਿਲਾਫ ਪੋਸਟਰ ਲਗਾਏ ਸਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ 'ਚ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਪੋਸਟਰ ਵਾਰ ਸ਼ੁਰੂ ਹੋ ਗਿਆ ਹੈ।
ਦੁਪਹਿਰ ਵੇਲੇ ਸੂਬੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਲੀ ਦੀ ਤਰਜ਼ 'ਤੇ ਮੋਦੀ ਹਟਾਓ ਦੇਸ਼ ਬਚਾਓ ਦੇ ਪੋਸਟਰ ਲਗਾਏ ਤਾਂ ਰਾਤ ਨੂੰ ਭਾਜਪਾ ਵਾਲਿਆਂ ਨੇ ਇਨ੍ਹਾਂ ਪੋਸਟਰਾਂ ਨੂੰ ਪਾੜ ਦਿੱਤਾ ਅਤੇ ਮੋਦੀ ਲਾਓ ਦੇਸ਼ ਬਚਾਓ ਦੇ ਪੋਸਟਰ ਲਗਾ ਦਿੱਤੇ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੇ ਮੰਤਰੀ ਨੇ ਚੋਣ ਜ਼ਾਬਤੇ ਦੌਰਾਨ ਪ੍ਰਧਾਨ ਮੰਤਰੀ ਖ਼ਿਲਾਫ਼ ਪੋਸਟਰ ਲਾ ਕੇ ਕਾਨੂੰਨ ਦਾ ਮਜ਼ਾਕ ਉਡਾਇਆ ਹੈ।

ਭਾਜਪਾ ਆਗੂਆਂ ਨੇ ਕਿਹਾ ਕਿ ਉਹ ਮੰਤਰੀ ਖ਼ਿਲਾਫ਼ ਕਾਰਵਾਈ ਲਈ ਡਿਪਟੀ ਕਮਿਸ਼ਨਰ-ਕਮ-ਚੋਣ ਅਫ਼ਸਰ ਨੂੰ ਸ਼ਿਕਾਇਤ ਦੇਣਗੇ। ਅੱਜ ਭਾਜਪਾ ਵਰਕਰ ਇਕੱਠੇ ਹੋ ਕੇ ਡੀਸੀ ਕੋਲ ਜਾ ਕੇ ਸ਼ਿਕਾਇਤ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲਗਾਏ ਗਏ ਪੋਸਟਰਾਂ ਨੂੰ ਇਤਰਾਜ਼ਯੋਗ ਅਤੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਉਨ੍ਹਾਂ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਰਟੀ ਅਧਿਕਾਰੀਆਂ ਨੇ ਪੂਰੇ ਸ਼ਹਿਰ ਵਿੱਚ ਲਗਾਏ ਗਏ ਪੋਸਟਰ ਪਾੜ ਕੇ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਭਾਜਪਾ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਮੁਖੀ ਵਿਰੁੱਧ ਅਜਿਹਾ ਪ੍ਰਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬੇ ਵਿੱਚ ਅਸ਼ਾਂਤੀ ਪੈਦਾ ਕਰਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀਸੀ ਨੂੰ ਸ਼ਿਕਾਇਤ ਦੇ ਕੇ ਚੋਣ ਕਮਿਸ਼ਨ ਤੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਵਿਧਾਇਕ ਤੇ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜਲੰਧਰ ਵਿੱਚ ਪੋਸਟਰ ਲਗਾ ਕੇ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਉਨ੍ਹਾਂ ਖ਼ਿਲਾਫ਼ ਜਿੰਨੀਆਂ ਮਰਜ਼ੀ ਐਫਆਈਆਰ ਦਰਜ ਕਰ ਲਵੇ, ਉਹ ਪੰਜਾਬ ਭਰ ਵਿੱਚ ਝੂਠੀ-ਭ੍ਰਿਸ਼ਟ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਪੋਸਟਰ ਲਗਾਉਣਗੇ । ਉਨ੍ਹਾਂ ਕਿਹਾ ਸੀ ਕਿ ਨਾ ਤਾਂ ਉਹ ਦਿੱਲੀ ਵਿੱਚ ਡਰਦੇ ਹਨ ਅਤੇ ਨਾ ਹੀ ਪੰਜਾਬ ਵਿੱਚ ਡਰਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਨੇ ਆਮ ਆਦਮੀ ਪਾਰਟੀ ਦੇ 138 ਆਗੂਆਂ ਖਿਲਾਫ ਦਿੱਲੀ 'ਚ ਪੋਸਟਰ ਲਗਾਉਣ 'ਤੇ ਐਫ.ਆਈ.ਆਰ. ਦਰਜ ਕੀਤੀ ਹੈ। ਹਰਭਜਨ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਅਜਿਹੇ ਪੋਸਟਰ ਨਹੀਂ ਲਗਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਕਿਉਂ ਨਹੀਂ ਲਾਇਆ ਜਾ ਸਕਦਾ, ਹਰ ਕਿਸੇ ਨੂੰ ਪ੍ਰਗਟਾਵੇ ਦਾ ਅਧਿਕਾਰ ਹੈ।