ਪੰਜਾਬ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ : ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ : ਅਸ਼ਵਨੀ ਸ਼ਰਮਾ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੀਆਂ 13 ਸੀਟਾਂ ਦੇ ਹਰੇਕ ਵਰਕਰ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਵਾਰ ਫੇਰ ਸਾਫ ਕੀਤਾ ਹੈ, ਕਿ ਪੰਜਾਬ ਵਿਚ ਭਾਜਪਾ 2024 ਦੀਆਂ ਚੋਣਾਂ ਇਕੱਲੇ ਲੜੇਗੀ। ਭਾਜਪਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ 21 ਮਈ ਨੂੰ ਸੰਗਰੂਰ, ਪੰਜਾਬ ਵਿੱਚ ਹੋਈ। ਇਸ ਤਹਿਤ ਪੰਜਾਬ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੀਆਂ 13 ਸੀਟਾਂ ਦੇ ਹਰੇਕ ਵਰਕਰ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ।

ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪੰਜਾਬ ਦੇ ਆਗੂਆਂ ਦੇ ਨਾਲ-ਨਾਲ ਕੌਮੀ ਆਗੂ ਵੀ ਸ਼ਾਮਲ ਹੋਏ। ਮੀਟਿੰਗ ਸਵੇਰ ਤੋਂ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਦੌਰਾਨ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ 'ਚ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ, ਦੇਸ਼ ਦੀ ਭਲਾਈ ਲਈ ਕੀਤੇ ਕੰਮਾਂ, ਵੱਖ-ਵੱਖ ਸਕੀਮਾਂ ਰਾਹੀਂ ਹਰ ਵਰਗ ਨੂੰ ਮਿਲੇ ਲਾਭਾਂ ਅਤੇ ਹੋਰਾਂ ਕੰਮਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਹੈ।

ਪੰਜਾਬ ਭਾਜਪਾ ਨੇ ਹਾਲ ਹੀ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਜਲੰਧਰ ਲੋਕ ਸਭਾ ਦੀ ਉਪ ਚੋਣ ਲੜੀ ਹੈ। ਪਰ ਇਸ ਵਿਚ ਭਾਜਪਾ ਚੌਥੇ ਨੰਬਰ 'ਤੇ ਆਈ। ਜਿੱਥੇ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਚੋਣ ਲੜੀ ਸੀ, ਉਹ ਵੀ ਤੀਜੇ ਨੰਬਰ 'ਤੇ ਰਹੀ ਸੀ। ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ 57,000 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ। ਜਦਕਿ ਦੂਜੇ ਸਥਾਨ 'ਤੇ ਪੰਜਾਬ ਕਾਂਗਰਸ ਦੀ ਉਮੀਦਵਾਰ ਅਤੇ ਸਾਬਕਾ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਰਹੀ।

ਇਸਤੋਂ ਪਹਿਲਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅਕਾਲੀ ਦਲ ਨਾਲ ਕਿਸੇ ਵੀ ਪ੍ਰਕਾਰ ਦੇ ਗਠਜੋੜ ਤੋਂ ਮੰਨਾ ਕੀਤਾ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸਨ। ਅਜਿਹੀਆਂ ਖਬਰਾਂ ਨੂੰ ਜਲੰਧਰ ਉਪ ਚੋਣ ਤੋਂ ਬਾਅਦ ਹੋਰ ਬਲ ਮਿਲਿਆ ਸੀ । ਪਰ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗਠਜੋੜ ਨੂੰ ਲੈ ਕੇ ਭਾਜਪਾ ਦਾ ਸਟੈਂਡ ਸਪੱਸ਼ਟ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਕੁਝ ਨਹੀਂ ਹੈ, ਜੇਕਰ ਉਨ੍ਹਾਂ ਦੇ ਚੰਗੇ ਆਗੂ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਹ ਕਮਲ ਨਾਲ ਜੁੜ ਸਕਦੇ ਹਨ।

logo
Punjab Today
www.punjabtoday.com