
ਅੰਮ੍ਰਿਤਸਰ 'ਚ ਧਮਾਕੇ ਦੇ ਕਾਰਨ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਾਰਾਗੜ੍ਹੀ ਪਾਰਕਿੰਗ 'ਚ ਸ਼ਨੀਵਾਰ ਦੇਰ ਰਾਤ ਹੋਏ ਧਮਾਕੇ ਦੀ ਜਾਂਚ ਅਜੇ ਜਾਰੀ ਸੀ ਕਿ ਸੋਮਵਾਰ ਸਵੇਰੇ ਕਰੀਬ 6 ਵਜੇ ਇਕ ਵਾਰ ਫਿਰ ਧਮਾਕਾ ਹੋ ਗਿਆ। ਕਰੀਬ 30 ਘੰਟਿਆਂ 'ਚ ਦੂਜੇ ਧਮਾਕੇ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ।
ਦੂਜਾ ਧਮਾਕਾ ਵੀ ਉਸੇ ਥਾਂ ਹੋਇਆ ਜਿੱਥੇ ਪਹਿਲਾ ਧਮਾਕਾ ਹੋਇਆ ਸੀ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਸ਼ਨੀਵਾਰ ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਾਰਾਗੜ੍ਹੀ ਪਾਰਕਿੰਗ ਕੋਲ ਅਚਾਨਕ ਧਮਾਕਾ ਹੋਇਆ। ਧਮਾਕੇ ਨਾਲ ਸਾਰਾਗੜ੍ਹੀ ਪਾਰਕਿੰਗ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਬੈਂਚ 'ਤੇ ਸੌਂ ਰਹੇ ਇਕ ਨੌਜਵਾਨ ਸਮੇਤ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਐਤਵਾਰ ਨੂੰ ਜਾਂਚ ਦੌਰਾਨ ਸਥਾਨਕ ਫੋਰੈਂਸਿਕ ਟੀਮ ਨੂੰ ਉਥੋਂ 5-7 ਟੁਕੜੇ (ਕਣ) ਮਿਲੇ, ਜਿਸ ਦੀ ਜਾਂਚ ਲਈ ਉੱਚ ਅਧਿਕਾਰੀਆਂ ਵੱਲੋਂ ਮੋਹਾਲੀ ਤੋਂ ਫੋਰੈਂਸਿਕ ਟੀਮ ਬੁਲਾਈ ਗਈ ਹੈ।
ਡੀਸੀਪੀ ਨੇ ਕਿਹਾ ਹੈ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਈਆਂ ਸੰਗਤਾਂ ਸ਼ਨੀਵਾਰ ਦੇਰ ਰਾਤ ਹੈਰੀਟੇਜ ਸਟਰੀਟ ਵਿੱਚ ਬੈਠ ਕੇ ਕੀਰਤਨ ਸਰਵਣ ਕਰ ਰਹੀਆਂ ਸਨ। ਇਸ ਦੌਰਾਨ ਰਾਤ ਕਰੀਬ 11.30 ਵਜੇ ਧਮਾਕਾ ਹੋਇਆ। ਜਦੋਂ ਸ਼ਰਧਾਲੂਆਂ ਨੇ ਦੇਖਿਆ ਤਾਂ ਅਸਮਾਨ 'ਚ ਧੂੰਏਂ ਦਾ ਗੁਬਾਰਾ ਉੱਡ ਰਿਹਾ ਸੀ ਅਤੇ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਧਮਾਕੇ ਤੋਂ ਬਾਅਦ ਹਵਾ ਵਿੱਚ ਉੱਡਦੇ ਛੋਟੇ-ਛੋਟੇ ਟੁਕੜਿਆਂ ਨੇ ਦੋ ਤੋਂ ਤਿੰਨ ਹੋਰ ਸ਼ਰਧਾਲੂਆਂ ਨੂੰ ਵੀ ਸੱਟਾਂ ਮਾਰੀਆਂ। ਚਸ਼ਮਦੀਦਾਂ ਅਨੁਸਾਰ ਘਟਨਾ ਸਥਾਨ ਦੇ ਚਾਰੇ ਪਾਸੇ ਕਰੀਬ 10 ਤੋਂ 15 ਮਿੰਟ ਤੱਕ ਧੂੰਏਂ ਤੋਂ ਪੋਟਾਸ਼ ਦੀ ਬਦਬੂ ਆ ਰਹੀ ਸੀ। ਇਸਦੇ ਨਾਲ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਧਮਾਕੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਧਮਾਕੇ ਤੋਂ ਬਾਅਦ ਹਵਾ ਵਿੱਚ ਧੂੰਏਂ ਦਾ ਗੁਬਾਰਾ ਉੱਠਦਾ ਦਿਖਾਈ ਦੇ ਰਿਹਾ ਹੈ। ਸ਼ਨੀਵਾਰ ਰਾਤ ਹੋਏ ਧਮਾਕੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਜਿਸ ਤੋਂ ਸਪੱਸ਼ਟ ਹੈ ਕਿ ਇਹ ਚਿਮਨੀ ਦਾ ਧਮਾਕਾ ਨਹੀਂ ਹੈ, ਸਗੋਂ ਜ਼ਮੀਨ 'ਤੇ ਧਮਾਕਾ ਹੋਇਆ ਹੈ ਅਤੇ ਅੱਗ ਵੀ ਇਸ ਤੋਂ ਨਿਕਲੀ ਹੈ।