ਬ੍ਰਿਟਿਸ਼ ਰੈਪਰ ਟਿਓਨ ਵੇਨ ਮੂਸੇਵਾਲਾ ਦੇ ਘਰ ਪਹੁੰਚੇ, ਮਾਂ ਨੂੰ ਲਗਾਇਆ ਗਲੇ

ਬਲਕੌਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਮੂਸੇਵਾਲਾ ਦਾ ਅਗਲਾ ਗੀਤ ਟਿਓਨ ਵੇਨ ਨਾਲ ਹੋ ਸਕਦਾ ਹੈ ਅਤੇ ਇਸਦੀ ਸ਼ੂਟਿੰਗ ਵੀ ਪੰਜਾਬ 'ਚ ਹੋ ਸਕਦੀ ਹੈ।
ਬ੍ਰਿਟਿਸ਼ ਰੈਪਰ ਟਿਓਨ ਵੇਨ ਮੂਸੇਵਾਲਾ ਦੇ ਘਰ ਪਹੁੰਚੇ, ਮਾਂ ਨੂੰ ਲਗਾਇਆ ਗਲੇ
Updated on
2 min read

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ, ਪਰ ਮੂਸੇਵਾਲਾ ਦੇ ਪਿੰਡ ਵਿਚ ਲੋਕ ਲਗਾਤਾਰ ਉਸਦੇ ਮਾਤਾ ਪਿਤਾ ਨੂੰ ਮਿਲਣ ਆ ਰਹੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਬ੍ਰਿਟਿਸ਼ ਰੈਪਰ ਟਿਓਨ ਵੇਨ ਪਿੰਡ ਮੂਸੇ ਪਹੁੰਚੇ।

ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਪਿੰਡ ਮੂਸਾ ਵਿੱਚ ਮਿਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਹੈ ਅਤੇ ਆਪਣੇ ਪਰਿਵਾਰ ਨਾਲ ਵੀ ਸਮਾਂ ਬਿਤਾ ਰਿਹਾ ਹੈ। ਵੇਨ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਵੇਨ ਦੇ ਭਾਰਤ ਆ ਕੇ ਬਲਕੌਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਮੂਸੇਵਾਲਾ ਦਾ ਅਗਲਾ ਗੀਤ ਉਨ੍ਹਾਂ ਨਾਲ ਹੋ ਸਕਦਾ ਹੈ ਅਤੇ ਇਸ ਦੀ ਸ਼ੂਟਿੰਗ ਵੀ ਪੰਜਾਬ 'ਚ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਵੇਨ ਨਾਲ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਲਕੌਰ ਸਿੰਘ ਯੂ.ਕੇ ਦੀ ਯਾਤਰਾ 'ਤੇ ਗਿਆ ਸੀ ਅਤੇ ਬਰਨਾ ਬੁਆਏ ਨੂੰ ਮਿਲਿਆ ਸੀ। ਪਿਛਲੇ ਦਿਨੀਂ ਰਿਲੀਜ਼ ਹੋਇਆ ਗੀਤ 'ਮੇਰਾ ਨਾ' ਬਰਨਾ ਬੁਆਏ ਦੇ ਨਾਲ ਸੀ। ਇਸ ਦੌਰਾਨ ਵੇਨ ਨੇ ਪਿਤਾ ਬਲਕੌਰ ਸਿੰਘ ਨਾਲ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੀ ਸਵਾਰੀ ਵੀ ਕੀਤੀ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ। ਉਸਨੇ 5911 ਟਰੈਕਟਰ ਦੇ ਸਟੰਟ ਨੂੰ ਵੀ ਦੇਖਿਆ ਅਤੇ ਕੈਮਰੇ ਵਿਚ ਕੈਦ ਕੀਤਾ। ਉਨ੍ਹਾਂ ਸਿੱਧੂ ਮੂਸੇਵਾਲਾ ਦੀ ਟੀਮ ਨੂੰ ਉਹੀ ਸਟੰਟ ਕਰਨ ਲਈ ਕਿਹਾ ਜੋ ਮੂਸੇਵਾਲਾ ਖੁਦ ਅੱਗੇ ਦੇ ਟਾਇਰਾਂ ਨੂੰ ਹਵਾ ਵਿੱਚ ਚੁੱਕ ਕੇ ਕਰਦਾ ਸੀ।

ਟਿਓਨ ਵੇਨ ਪਿੰਡ ਜਵਾਹਰਕੇ ਵੀ ਗਿਆ, ਜਿੱਥੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿਚਕਾਰ ਗੋਲੀ ਮਾਰ ਦਿੱਤੀ ਗਈ ਸੀ । ਕੰਧ 'ਤੇ ਗੋਲੀ ਦੇ ਨਿਸ਼ਾਨ ਅਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਦੇਖ ਕੇ ਵੇਨ ਭਾਵੁਕ ਹੋ ਗਿਆ। ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਸ਼ੇਅਰ ਕੀਤਾ ਹੈ। ਇਸਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਜਲੰਧਰ 'ਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਦੀ ਅਗਵਾਈ 'ਚ ਰੋਸ ਮਾਰਚ ਕਰਨਗੇ। ਇਨਸਾਫ਼ ਲਈ ਜਲੰਧਰ ਲੋਕ ਸਭਾ ਹਲਕੇ ਦੀਆਂ ਵੱਖ-ਵੱਖ ਥਾਵਾਂ 'ਤੇ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸਦੀ ਸ਼ੁਰੂਆਤ 5 ਮਾਰਚ ਨੂੰ ਫਿਲੌਰ ਦੇ ਬਾੜਾ ਪਿੰਡ ਅਤੇ ਰੁੜਕਾ ਕਲਾਂ ਤੋਂ ਹੋਵੇਗੀ।

Related Stories

No stories found.
logo
Punjab Today
www.punjabtoday.com