ਕੈਪਟਨ ਦੇ ਨਾਲ ਭਾਜਪਾ 'ਚ ਸ਼ਾਮਲ ਪੰਜ ਨੇਤਾਵਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਇਹ ਸੁਰੱਖਿਆ ਮੁਹੱਈਆ ਕਰਵਾਈ ਹੈ। ਪੰਜਾਬ ਵਿੱਚ ਅਪਰਾਧੀਆਂ ਦੀ ਵੱਧ ਰਹੀ ਘੁਸਪੈਠ ਵੀ ਸੁਰੱਖਿਆ ਦੇਣ ਦਾ ਵੱਡਾ ਕਾਰਣ ਹੈ।
ਕੈਪਟਨ ਦੇ ਨਾਲ ਭਾਜਪਾ 'ਚ ਸ਼ਾਮਲ ਪੰਜ ਨੇਤਾਵਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ

ਕੈਪਟਨ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਦਾ ਬਹੁਤ ਜ਼ਿਆਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਪੰਜ ਆਗੂਆਂ ਨੂੰ ਕੇਂਦਰ ਸਰਕਾਰ ਵੱਲੋਂ 'ਵਾਈ' ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

ਇਹ ਸੁਰੱਖਿਆ ਸਰਕਾਰ ਨੇ ਆਈਬੀ ਦੀ ਰਿਪੋਰਟ ਦੇ ਆਧਾਰ 'ਤੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਇਹ ਸੁਰੱਖਿਆ ਮੁਹੱਈਆ ਕਰਵਾਈ ਹੈ। ਪੰਜਾਬ ਵਿੱਚ ਅਪਰਾਧੀਆਂ ਦੀ ਵੱਧ ਰਹੀ ਘੁਸਪੈਠ ਵੀ ਸੁਰੱਖਿਆ ਦੇਣ ਦਾ ਵੱਡਾ ਕਾਰਨ ਹੈ। ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਉੱਚ ਸੁਰੱਖਿਆ ਦੇ ਘੇਰੇ ਵਿੱਚ ਹਨ। Y ਸ਼੍ਰੇਣੀ ਦੇਸ਼ ਦਾ ਚੌਥਾ ਸੁਰੱਖਿਆ ਪੱਧਰ ਹੈ, ਜਿਸ ਦੇ ਤਹਿਤ ਪਤਵੰਤੇ ਨੂੰ 11 ਮੈਂਬਰੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾਂਦਾ ਹੈ।

ਇਸ ਸੁਰੱਖਿਆ ਘੇਰੇ ਵਿੱਚ ਦੋ ਐਨਐਸਜੀ ਕਮਾਂਡੋ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਸੁਰੱਖਿਆ ਕਵਰ ਦੇ ਕੁੱਲ ਪੰਜ ਪੱਧਰਾਂ ਵਿੱਚੋਂ, ਸਬੰਧਤ ਵਿਅਕਤੀ ਨੂੰ ਕਿਸ ਪੱਧਰ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਹੈ, ਇਹ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਭਾਜਪਾ ਵਿੱਚ ਸ਼ਾਮਲ ਹੋਏ ਅਮਰੀਕ ਸਿੰਘ ਆਲੀਵਾਲ, ਹਰਚੰਦ ਕੌਰ, ਪ੍ਰੇਮ ਮਿੱਤਲ, ਹਰਜਿੰਦਰ ਸਿੰਘ ਠੇਕੇਦਾਰ ਅਤੇ ਕਮਲਦੀਪ ਸੈਣੀ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।

ਇਹ ਸਾਰੇ ਆਗੂ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਸਨ। ਆਈਬੀ ਨੇ ਕੇਂਦਰੀ ਮੰਤਰਾਲੇ ਨੂੰ ਇਨ੍ਹਾਂ ਆਗੂਆਂ ਨੂੰ ਮਿਲ ਰਹੀਆਂ ਧਮਕੀਆਂ ਦੇ ਆਧਾਰ 'ਤੇ ਸੁਰੱਖਿਆ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਪੰਜਾਬ ਦੇ ਭਾਜਪਾ ਆਗੂਆਂ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਭਾਜਪਾ ਦੇ ਕਈ ਨੇਤਾਵਾਂ ਨਾਲ ਜਨਤਕ ਥਾਵਾਂ 'ਤੇ ਦੁਰਵਿਵਹਾਰ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਕਿਸਾਨਾਂ ਨੇ ਕਈ ਨੇਤਾਵਾਂ ਦੇ ਘਰਾਂ 'ਤੇ ਗੋਹਾ ਆਦਿ ਸੁੱਟ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਦਿੱਲੀ ਦੇ ਬਾਹਰਵਾਰ ਕਿਸਾਨਾਂ ਦੇ ਅੰਦੋਲਨ ਦਾ ਸਭ ਤੋਂ ਵੱਧ ਵਿਰੋਧ ਪੰਜਾਬ ਵਿੱਚ ਹੀ ਭਾਜਪਾ ਆਗੂਆਂ ਨੂੰ ਝੱਲਣਾ ਪਿਆ। ਭਾਜਪਾ ਨੂੰ ਇਸ ਲਹਿਰ ਦਾ ਇਹ ਵੀ ਵੱਡਾ ਨੁਕਸਾਨ ਹੋਇਆ ਕਿ ਉਸ ਦਾ ਕੇਡਰ ਸੂਬੇ ਵਿੱਚ ਖਿੱਲਰ ਗਿਆ। ਨੌਜਵਾਨ ਵਰਕਰਾਂ ਨੇ ਵੀ ਪਾਰਟੀ ਤੋਂ ਦੂਰੀ ਬਣਾ ਲਈ ਸੀ। ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ, ਜਦੋਂ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖੁੱਲ੍ਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

Related Stories

No stories found.
logo
Punjab Today
www.punjabtoday.com