ਪੰਜਾਬ ਵਿਚ ਚੋਣਾਂ ਨੇੜੇ ਆਉਂਦੇ ਹੀ ਸਾਰੀਆਂ ਹੀ ਪਾਰਟੀਆਂ ਨੇ ਇਕ ਦੂਜੇ ਉੱਤੇ ਹਮਲੇ ਕਰਨੇ ਤੇਜ਼ ਕਰ ਦਿਤੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਉਹ ਦਿੱਲੀ ਵਿਚ ਰਾਜ ਨੂੰ ਠੀਕ ਤਰੀਕੇ ਨਾਲ ਨਹੀਂ ਚਲਾ ਰਹੇ ਹਨ ਅਤੇ ਪੰਜਾਬ ਨੂੰ ਕਿਸੇ ਵੀ "ਬਾਹਰੀ" ਬੰਦੇ ਦੀ ਲੋੜ ਨਹੀਂ ਹੈ।
ਇੱਕ ਅਧਿਕਾਰਤ ਬਿਆਨ ਅਨੁਸਾਰ ਖੰਨਾ ਵਿੱਚ ਪਿੰਡ ਰੋਹਣੋ ਕਲਾਂ ਵਿਖੇ ਖੇਡ ਮੈਦਾਨ ਅਤੇ ਪੰਚਾਇਤੀ ਇਮਾਰਤ ਦਾ ਉਦਘਾਟਨ ਕਰਨ ਆਏ ਚੰਨੀ ਨੇ ਕਿਹਾ,''ਪੰਜਾਬ ਵਾਸੀ ਕੇਜਰੀਵਾਲ ਵਰਗੇ ਬਾਹਰੀ ਵਿਅਕਤੀ ਨੂੰ ਕਦੇ ਵੀ ਆਪਣੇ 'ਤੇ ਰਾਜ ਨਹੀਂ ਕਰਨ ਦੇਣਗੇ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ।
ਕੇਜਰੀਵਾਲ ਵਰਗੇ ਲੋਕ "ਦਿੱਲੀ ਦੇ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਚੰਨ-ਤਾਰੇ ਲਿਆਉਣ ਦਾ ਵਾਅਦਾ ਕਰ ਰਹੇ ਸਨ''। ਜਦੋਂ ਪਿਛਲੀ ਵਾਰ 'ਆਪ' ਪੰਜਾਬ 'ਚ ਸਰਕਾਰ ਨਹੀਂ ਬਣਾ ਸਕੀ ਤਾਂ ਉਸੇ ਕੇਜਰੀਵਾਲ ਨੇ ਅਦਾਲਤ 'ਚ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਸੀ, ਉਹ ਵੀ 'ਆਪ' ਦੇ ਲੈਟਰਹੈੱਡ 'ਤੇ।
ਚਰਨਜੀਤ ਚੰਨੀ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ਤਾਂ ਸਹੀ ਤਰੀਕੇ ਨਾਲ ਚਲਾ ਨਹੀਂ ਪਾ ਰਿਹਾ ਹੈ, ਉਹ ਪੰਜਾਬ ਤੇ ਕਿ ਰਾਜ ਕਰੇਗਾ। ਕੇਜਰੀਵਾਲ ਨੂੰ ਪਤਾ ਨਹੀਂ ਹੈ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੇ ਝੂਠੇ ਵਾਦੇ ਤੇ ਕਿਸੇ ਵੀ ਤਰਾਂ ਦਾ ਭਰੋਸਾ ਨਹੀਂ ਕਰਨਗੇ।