ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਆਮ ਆਦਮੀ ਜਾਹਿਰ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਹਨ। ਵੱਖ-ਵੱਖ ਕੰਮਾਂ ਕਰਕੇ ਚਰਚਾ 'ਚ ਰਹਿਣ ਵਾਲੇ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਹੁਣ ਬੱਸ ਦੇ ਡਰਾਈਵਰ ਬਣ ਗਏ ਹਨ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 58 ਨਵੀਆਂ ਸਰਕਾਰੀ ਬੱਸਾਂ ਦੀ ਸ਼ੁਰੂਆਤ ਕੀਤੀ ਹੈ।
ਇਨ੍ਹਾਂ ਬੱਸਾਂ ਨੂੰ ਉਦਘਾਟਨ ਲਈ ਮੁਹਾਲੀ ਵਿੱਚ ਮੁੱਖ ਮੰਤਰੀ ਦੇ ਘਰ ਲਿਆਂਦਾ ਗਿਆ ਸੀ। ਇੱਥੇ ਸੀ.ਐਮ ਚੰਨੀ ਨੇ ਖੁਦ ਬੱਸ ਦੀ ਡਰਾਈਵਿੰਗ ਸੀਟ ਸਾਂਭ ਲਈ ਅਤੇ ਬੱਸ ਚਲਾ ਕੇ ਚਲੇ ਗਏ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਹੁਣ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਕਾਲਜ-ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਮੁਫ਼ਤ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇਗੀ।
ਸੀਐਮ ਚੰਨੀ ਦੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੱਸ ਚਲਾਈ।ਸੀਐਮ ਚੰਨੀ ਨੇ ਦੱਸਿਆ ਕਿ 3 ਮਹੀਨਿਆਂ ਵਿੱਚ 842 ਬੱਸਾਂ ਨਵੀਆਂ ਖਰੀਦੀਆਂ ਗਈਆਂ ਹਨ। ਇਸ 'ਤੇ 400 ਕਰੋੜ ਰੁਪਏ ਖਰਚ ਕੀਤੇ ਗਏ ਹਨ। 102 ਬੱਸ ਸਟੈਂਡਾਂ ਦਾ ਨਵੀਨੀਕਰਨ ਕੀਤਾ ਜਾਵੇਗਾ । ਜਿਸ 'ਤੇ 400 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਲਈ ਟੈਂਡਰ ਵੀ ਕੱਢੇ ਗਏ ਹਨ।ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਪਾਸ ਬਣਾਏ ਜਾਣਗੇ। ਇਸ ਬਾਰੇ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਹੈ। ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸਕੂਲ ਕਾਲਜਾਂ ਵਿਚ ਪੜ੍ਹਣ ਵਾਲਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਐਲਾਨ ਨਹੀਂ ਹੈ ਸਗੋਂ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ।
ਸੀਐਮ ਚੰਨੀ ਨੇ ਕਿਹਾ ਕਿ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਸਾਰੇ ਕੰਮ ਕਰਦਾ ਹਾਂ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਮੈਂ ਬੱਸ ਵੀ ਚਲਾ ਸਕਦਾ ਹਾਂ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਨਿਸ਼ਾਨਾ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਭੇਜਣਾ ਹੈ। ਇਸ ਦੇ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੇ ਹਨ। ਜੇਕਰ ਇਜਾਜ਼ਤ ਨਾ ਮਿਲੀ ਤਾਂ ਅਸੀਂ ਕੇਜਰੀਵਾਲ ਨੂੰ ਫੇਰ ਮਿਲਾਂਗੇ।