
ਪੰਜਾਬ ਦੇ ਇੱਕ ਕ੍ਰਿਕਟਰ ਨੂੰ ਸਰਕਾਰੀ ਨੌਕਰੀ ਦਿਵਾਉਣ ਬਦਲੇ 2 ਕਰੋੜ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੱਤਾ ਸੀ, ਉਸਤੋਂ ਬਾਅਦ ਸੀਐੱਮ ਮਾਨ ਨੇ ਕਈ ਖੁਲਾਸੇ ਕੀਤੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ 'ਤੇ ਲੱਗੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ ਝੂਠੇ ਹਨ।
ਚੰਨੀ ਨੇ ਕਿਹਾ ਕਿ ਉਸਦੇ ਭਤੀਜੇ ਨੇ ਵੀ ਅਜਿਹਾ ਕੁਝ ਨਹੀਂ ਕੀਤਾ ਹੈ। ਜੇਕਰ ਉਸ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਉਸ ਦੀ ਜਾਂਚ ਕਰਵਾ ਕੇ ਕੇਸ ਦਰਜ ਕਰਵਾਇਆ ਜਾਵੇ, ਇਸ ਤਰ੍ਹਾਂ ਮਾਮਲੇ ਨੂੰ ਸਨਸਨੀਖੇਜ਼ ਬਣਾਉਣ ਅਤੇ ਉਸਨੂੰ ਬਦਨਾਮ ਕਰਨ ਜਾਂ ਜ਼ਲੀਲ ਕਰਨ ਦੀ ਕੋਈ ਲੋੜ ਨਹੀਂ ਹੈ। ਮੁੱਖ ਮੰਤਰੀ ਜੋ ਮਰਜ਼ੀ ਕਰਨ, ਮੈਂ ਭੱਜਣ ਵਾਲਾ ਨਹੀਂ।
ਚੰਨੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਮੈਨੂੰ ਅਤੇ ਮੇਰੇ ਪੂਰੇ ਪਰਿਵਾਰ ਨੂੰ ਜੇਲ 'ਚ ਬੰਦ ਕਰਨਾ ਚਾਹੁੰਦੇ ਹਨ ਤਾਂ ਮੈਨੂੰ ਜੇਲ 'ਚ ਪਾ ਦਿਓ, ਮੈਂ ਨੱਕ ਰਗੜਨ ਨਹੀਂ ਜਾਵਾਂਗਾ। ਅੱਜ ਮੈਨੂੰ ਸੁਖਪਾਲ ਖਹਿਰਾ ਦਾ ਫ਼ੋਨ 'ਤੇ ਸੁਨੇਹਾ ਮਿਲਿਆ ਕਿ 31 ਮਾਰਚ 2021 ਨੂੰ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਖਿਡਾਰੀਆਂ ਦੀ ਅਪੀਲ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਚੰਨੀ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਉਹ ਉਨ੍ਹਾਂ ਨੂੰ ਨੌਕਰੀ ਕਿਵੇਂ ਦੇ ਸਕਦੇ ਹਨ।
ਪੰਜਾਬ ਵਿੱਚ ਅਜਿਹੇ ਹਜ਼ਾਰਾਂ ਖਿਡਾਰੀ ਹਨ, ਜਿਨ੍ਹਾਂ ਕੋਲ ਇਸ ਖਿਡਾਰੀ ਦਾ ਗ੍ਰੇਡ ਹੈ, ਉਨ੍ਹਾਂ ਨੂੰ ਨੌਕਰੀ ਵੀ ਦੇਣੀ ਪਵੇਗੀ, ਜਦੋਂ ਕਿ ਉੱਚੇ ਗ੍ਰੇਡ ਵਾਲੇ ਵੀ ਬੱਚੇ ਹਨ। ਮੇਰੇ ਬੇਟੇ ਦੇ ਇਸ ਖਿਡਾਰੀ (ਜਸਿੰਦਰ) ਨਾਲੋਂ ਚੰਗੇ ਨੰਬਰ ਹਨ, ਮੈਂ ਉਸਨੂੰ ਨੌਕਰੀ ਕਿਉਂ ਨਹੀਂ ਦਿੱਤੀ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਹ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਮਿਲਦੇ ਸਨ, ਫੋਟੋਆਂ ਵੀ ਖਿੱਚੀਆਂ ਜਾਂਦੀਆਂ ਸਨ, ਪਰ ਇਸ ਆਧਾਰ 'ਤੇ ਦੋਸ਼ ਨਹੀਂ ਲਗਾਏ ਜਾ ਸਕਦੇ। ਮੁੱਖ ਮੰਤਰੀ ਵੱਲੋਂ ਪੰਜਾਬ ਭਵਨ ਵਜੋਂ ਦਿਖਾਈ ਗਈ ਫੋਟੋ ਮੁਹਾਲੀ ਵਿੱਚ ਇੱਕ ਪ੍ਰੋਗਰਾਮ ਦੀ ਹੈ। ਮੇਰਾ ਭਤੀਜਾ ਸਿਰਫ਼ ਮੇਰੇ ਸਹੁੰ ਚੁੱਕ ਸਮਾਗਮ ਵਿੱਚ ਆਇਆ ਸੀ, ਇਸ ਤੋਂ ਇਲਾਵਾ ਉਹ ਮੇਰੇ ਨਾਲ ਕਿਤੇ ਵੀ ਨਹੀਂ ਗਿਆ। ਚੰਨੀ ਦੇ ਨਾਲ ਪ੍ਰੈੱਸ ਕਾਨਫ਼ਰੰਸ ਵਿੱਚ ਆਏ ਉਸ ਦੇ ਭਤੀਜੇ ਜਸ਼ਨ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਦੇ ਵੀ ਖਿਡਾਰੀ ਨੂੰ ਨਹੀਂ ਮਿਲਿਆ, ਨਾ ਹੀ ਉਸਨੂੰ ਜਾਣਦਾ ਸੀ ਅਤੇ ਨਾ ਹੀ ਪਛਾਣਦਾ ਸੀ ਕਿ ਉਹ ਕੌਣ ਹੈ।