'ਆਪ' ਵਲੋਂ ਕੈਂਸਰ ਚੈਕਅੱਪ ਲਈ ਅਜਨਾਲਾ ਦੇ ਪਿੰਡਾਂ 'ਚ ਕੈਂਪ ਲਗਣਗੇ
ਪੰਜਾਬ ਦੇ ਕਈ ਇਲਾਕਿਆਂ 'ਚ ਕੈਂਸਰ ਦੀ ਸਮਸਿਆ ਖਤਰਨਾਕ ਸਾਬਤ ਹੋ ਰਹੀ ਹੈ। ਪੰਜਾਬ ਸਰਕਾਰ ਕੈਂਸਰ ਦੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਇਲਾਜ ਲਈ ਗੰਭੀਰ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਅਜਨਾਲਾ ਦੇ ਪਿੰਡਾਂ ਵਿੱਚ ਅੱਠ ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ।
ਉਹ 5 ਮਾਰਚ ਨੂੰ ਅਜਨਾਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਣਗੇ। ਫਿਰ 6 ਮਾਰਚ ਨੂੰ ਸ਼ਿਵ ਮੰਦਰ ਅਜਨਾਲਾ ਵਿਖੇ ਇੱਕ ਹੋਰ ਜਾਂਚ ਕੈਂਪ ਲਗਾਇਆ ਜਾਵੇਗਾ। ਇਸ ਤੋਂ ਬਾਅਦ 7 ਮਾਰਚ, 8 ਮਾਰਚ, 9 ਮਾਰਚ, 10, 11 ਅਤੇ 12 ਮਾਰਚ ਨੂੰ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੈਕਅੱਪ ਕੈਂਪ ਲਗਾਇਆ ਜਾਵੇਗਾ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਕੈਂਪ ਵਿੱਚ ਪਹੁੰਚ ਕੇ ਟੈਸਟ ਕਰਵਾਉਣ। ਉਹਨਾਂ ਦੱਸਿਆ ਕਿ ਇਹ ਚੈਕਅੱਪ ਕੈਂਪ ਆਸਟ੍ਰੇਲੀਆ ਨਿਵਾਸੀ ਸਮਾਜ ਸੇਵੀ ਸਨਮ ਕਾਹਲੋਂ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੈਂਸਰ ਦੀ ਬਿਮਾਰੀ ਲਗਾਤਾਰ ਫੈਲ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਅਤੇ ਭਲਾਈ ਲਈ 13.54 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਪੰਜਾਬ ਦੇ ਸਾਬਕਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਨੁਸਾਰ ਪੰਜਾਬ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 'ਮੁੱਖ ਮੰਤਰੀ ਕੈਂਸਰ ਰਾਹਤ ਫੰਡ' ਤਹਿਤ 1265 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਕੈਂਸਰ ਦੇ ਮਰੀਜ਼ ਏਮਜ਼ ਦਿੱਲੀ, ਕੈਂਸਰ ਹਸਪਤਾਲ ਬੀਕਾਨੇਰ, ਪੀਜੀਆਈ ਚੰਡੀਗੜ੍ਹ, ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਸਮੇਤ 19 ਰਾਜ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚੋਂ ਕਿਸੇ ਵੀ ਹਸਪਤਾਲ ਵਿੱਚ 1.5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਪੰਜਾਬ ਵਿੱਚ ਇੱਕ ਸਾਲ ਵਿੱਚ ਔਸਤਨ 7500 ਨਵੇਂ ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਪਿਛਲੇ ਸੱਤ ਸਾਲਾਂ ਤੋਂ ਹਰ ਸਾਲ ਔਸਤਨ 7586 ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2019 ਵਿੱਚ ਸਭ ਤੋਂ ਵੱਧ 954 ਮਾਮਲੇ ਅੰਮ੍ਰਿਤਸਰ ਵਿੱਚ ਆਏ। ਦੂਜੇ ਨੰਬਰ 'ਤੇ ਸੰਗਰੂਰ 'ਚ 810, ਤੀਜੇ 'ਤੇ ਲੁਧਿਆਣਾ 'ਚ 716, ਚੌਥੇ 'ਤੇ ਪਟਿਆਲਾ 'ਚ 667 ਅਤੇ 5ਵੇਂ ਨੰਬਰ 'ਤੇ ਗੁਰਦਾਸਪੁਰ 'ਚ 525 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਰੋਕਥਾਮ ਅਤੇ ਨਵੇਂ ਮਰੀਜ਼ਾਂ ਦੀ ਪਛਾਣ ਲਈ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ।