'ਆਪ' ਸਰਕਾਰ ਦਾ ਦਾਅਵਾ,ਪੰਜਾਬ 'ਚ ਹੁਣ ਮੁਫ਼ਤ ਹੋਵੇਗੀ ਬ੍ਰੈਸਟ ਕੈਂਸਰ ਦੀ ਜਾਂਚ

ਇਸ ਦੇ ਨਾਲ ਹੀ ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਕਿ ਜਲਦੀ ਹੀ ਸੂਬੇ ਵਿੱਚ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈ ਕਲੀਨਿਕ ਵੀ ਖੋਲ੍ਹੇ ਜਾਣਗੇ।
'ਆਪ' ਸਰਕਾਰ ਦਾ ਦਾਅਵਾ,ਪੰਜਾਬ 'ਚ ਹੁਣ ਮੁਫ਼ਤ ਹੋਵੇਗੀ ਬ੍ਰੈਸਟ ਕੈਂਸਰ ਦੀ ਜਾਂਚ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਸਿਹਤ ਸਹੂਲਤਾਂ ਨੂੰ ਲੈ ਕੇ ਤੇਜੀ ਦਿਖਾਉਣੀ ਸ਼ੁਰੂ ਕਰ ਦਿਤੀ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੰਗਲਵਾਰ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਕਰਨ ਲਈ ਸਥਾਪਤ ਥਰਮਲ ਸਕ੍ਰੀਨਿੰਗ ਯੰਤਰ ਦਾ ਉਦਘਾਟਨ ਕੀਤਾ।

ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਹੁਣ ਇਹ ਸਹੂਲਤ ਮੁਫਤ ਮਿਲੇਗੀ। ਸਿਹਤ ਮੰਤਰੀ ਜੋੜਾਮਾਜਰਾ ਨੇ ਦੱਸਿਆ ਕਿ ਇਸ ਯੰਤਰ ਰਾਹੀਂ ਬ੍ਰੈਸਟ ਕੈਂਸਰ ਦੀ ਮੁੱਢਲੀ ਜਾਂਚ ਬਿਨਾਂ ਕਿਸੇ ਛੂਹ, ਦਰਦ ਅਤੇ ਰੇਡੀਏਸ਼ਨ ਦੇ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਸੂਬੇ ਵਿੱਚ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈ ਕਲੀਨਿਕ ਵੀ ਖੋਲ੍ਹੇ ਜਾਣਗੇ।

ਪੰਜਾਬ ਵਿੱਚ ਔਰਤਾਂ ਵਿੱਚ ਬ੍ਰੈਸਟ ਕੈਂਸਰ ਇੱਕ ਗੰਭੀਰ ਬਿਮਾਰੀ ਹੈ। ਇਹ ਹਰ ਸਾਲ ਪੰਜ ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਸਾਲ 2021 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 4446 ਔਰਤਾਂ ਇਸ ਤੋਂ ਪੀੜਤ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ਾਂ ਦੀ ਪਛਾਣ ਤੀਜੇ ਜਾਂ ਚੌਥੇ ਪੜਾਅ 'ਤੇ ਕੀਤੀ ਜਾਂਦੀ ਹੈ। ਇਸ ਦਾ ਵੱਡਾ ਕਾਰਨ ਇਸ ਬਿਮਾਰੀ ਦੇ ਲੱਛਣਾਂ ਦੀ ਪਛਾਣ ਅਤੇ ਬ੍ਰੈਸਟ ਕੈਂਸਰ ਦੀ ਜਲਦੀ ਜਾਂਚ ਕਰਵਾਉਣ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਜੇਕਰ ਸਮੇਂ ਸਿਰ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨ ਹੋ ਜਾਂਦਾ ਹੈ।

ਪੰਜਾਬ ਸਰਕਾਰ, ਨਿਰਾਮਯ ਅਤੇ ਰੋਸ਼ ਇੰਡੀਆ ਦੇ ਸਹਿਯੋਗ ਨਾਲ ਇੱਕ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪੰਜਾਬ ਵਿੱਚ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਹ ਟੈਸਟ ਮੰਗਲਵਾਰ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਸ਼ੁਰੂ ਕੀਤਾ ਗਿਆ ਹੈ। ਇਹ ਟੈਸਟ ਮੈਮੋਗ੍ਰਾਫੀ ਦੇ ਸਮਾਨ ਹੈ, ਬ੍ਰੈਸਟ ਕੈਂਸਰ ਲਈ ਇੱਕ ਹੋਰ ਸਕ੍ਰੀਨਿੰਗ ਟੈਸਟ ਹੈ। ਜਿਸ ਦੀ ਕੀਮਤ ਕਰੀਬ 2000 ਰੁਪਏ ਹੈ, ਪਰ ਸਰਕਾਰ ਵੱਲੋਂ ਇਹ ਸਹੂਲਤ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰੈਸਟ ਕੈਂਸਰ ਦੀ ਸ਼ੁਰੂਆਤੀ ਜਾਂਚ ਮੁਫ਼ਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਸਿਹਤ ਮੰਤਰੀ ਜੋੜੇਮਾਜਰਾ ਨੇ ਕਿਹਾ ਕਿ ਅਜਿਹੀ ਤਕਨੀਕ ਨੂੰ ਮੋਬਾਈਲ ਵੈਨ ਰਾਹੀਂ ਹਰ ਪਿੰਡ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਸਿਵਲ ਹਸਪਤਾਲ ਸਮਾਣਾ ਵਿੱਚ ਦੋ ਡਾਇਲਸਿਸ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ, ਜੋ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਜਲਦੀ ਹੀ ਅਲਟਰਾਸਾਊਂਡ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਸਟਾਫ ਦੀ ਕਮੀ ਨੂੰ ਵੀ ਦੂਰ ਕੀਤਾ ਜਾਵੇਗਾ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਾਇਕ ਡਾਇਰੈਕਟਰ ਕਮ ਨੋਡਲ ਅਫ਼ਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹੇ ਕਵਰ ਕੀਤੇ ਜਾਣਗੇ। ਇਸ ਪ੍ਰੋਜੈਕਟ ਤਹਿਤ ਪੈਰਾ ਮੈਡੀਕਲ ਸਟਾਫ਼ ਨੂੰ ਸਿਖਲਾਈ ਦੇ ਕੇ ਅਤੇ ਸਰਵੇਖਣ ਕਰਕੇ ਛਾਤੀ ਦੇ ਕੈਂਸਰ ਦੇ ਲੱਛਣ ਵਾਲੀਆਂ ਔਰਤਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਵੱਖ-ਵੱਖ ਬਲਾਕਾਂ ਦਾ ਦੌਰਾ ਕਰਕੇ ਟੀਮ ਇਸ ਯੰਤਰ ਦੀ ਮਦਦ ਨਾਲ ਔਰਤਾਂ ਦੀ ਜਾਂਚ ਕਰੇਗੀ।

Related Stories

No stories found.
Punjab Today
www.punjabtoday.com