
ਪੰਜਾਬ ਸਰਕਾਰ ਨੇ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਲਈ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। 'ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅਤੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ 'ਤੇ ਹੁਣ ਕਾਰਵਾਈ ਸ਼ੁਰੂ ਹੋ ਗਈ ਹੈ। ਅਜਨਾਲਾ ਥਾਣੇ 'ਤੇ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਨੂੰ ਸੰਭਾਲਣ ਵਾਲੇ ਗੁਰਿੰਦਰਪਾਲ ਸਿੰਘ ਔਜਲਾ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਉਸਨੂੰ ਹਵਾਈ ਅੱਡੇ 'ਤੇ ਕਾਬੂ ਕਰ ਲਿਆ ਅਤੇ ਉਸਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਯੂਨਾਈਟਿਡ ਕਿੰਗਡਮ (ਯੂ.ਕੇ.) ਜਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਦੇ ਮਾਮਲੇ 'ਚ 20 ਫਰਵਰੀ ਨੂੰ ਜਲੰਧਰ 'ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਲੰਧਰ ਕਮਿਸ਼ਨਰੇਟ ਦੀ ਪੁਲਿਸ ਨੇ ਉਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਉਹ ਜਲੰਧਰ ਦੇ ਕੁੱਕੜ ਪਿੰਡ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਹੀ ਪੰਜਾਬ ਵਿੱਚ ਸੀ।
ਜਲੰਧਰ ਦੇ ਡੀਸੀਪੀ (ਜਾਂਚ) ਨੇ ਦੱਸਿਆ ਕਿ ਅਦਾਲਤ ਦੇ ਨਿਯਮਾਂ ਅਨੁਸਾਰ ਮੁਲਜ਼ਮਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਕੇਂਦਰੀ ਏਜੰਸੀਆਂ ਦੇ ਇਨਪੁਟ 'ਤੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਹਥਿਆਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫਰਵਰੀ ਵਿਚ ਉਸਦੇ ਇਕ ਸਮਰਥਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਜਦਕਿ 9 ਦੇ ਹਥਿਆਰਾਂ ਦੀ ਜਾਂਚ ਚੱਲ ਰਹੀ ਹੈ, ਪਰ ਫਿਰ ਵੀ ਉਸਦੇ ਸਮਰਥਕ ਹਥਿਆਰ ਲੈ ਕੇ ਜਾ ਰਹੇ ਸਨ।
ਅਜਨਾਲਾ ਥਾਣੇ 'ਤੇ ਹਮਲੇ ਸਮੇਂ ਵੀ ਉਨ੍ਹਾਂ ਦੇ ਸਮਰਥਕ ਹਥਿਆਰਬੰਦ ਸਨ। ਪੁਲਿਸ ਨੇ ਫਰੀਦਕੋਟ ਵਾਸੀ ਗੁਰਬੇਜ ਸਿੰਘ ਦਾ ਲਾਇਸੈਂਸ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਫਰੀਦਕੋਟ ਦੇ ਐਸਐਸਪੀ ਨੇ ਫਰਵਰੀ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਸੀ, ਹਾਲਾਂਕਿ ਅਸਲਾ ਬਰਾਮਦ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਹਥਿਆਰਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ। 24 ਫਰਵਰੀ ਨੂੰ ਅਜਨਾਲਾ 'ਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀ ਭੀੜ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਤੋਂ ਰਿਹਾਅ ਕਰਵਾਉਣ ਲਈ ਇਕੱਠੀ ਹੋਈ ਸੀ।