ਪੰਜਾਬ 'ਚ ਆਮ ਆਦਮੀ ਪਾਰਟੀ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਖੁਸ਼ ਨਹੀਂ ਹਨ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਕਿਹਾ ਹੈ ਕਿ ਸੂਬਾ ਆਰਥਿਕ ਮੰਦੀ 'ਚ ਡੁੱਬਿਆ ਹੋਇਆ ਹੈ ਅਤੇ 'ਆਪ' ਨੇ ਇੱਕ ਸਾਲ 'ਚ ਪੰਜਾਬ ਦੇ ਲੋਕਾਂ ਨੂੰ ਮਾੜਾ ਪ੍ਰਸ਼ਾਸਨ ਦਿੱਤਾ ਹੈ। ਇਸ ਤੋਂ ਇਲਾਵਾ ਜਨਤਾ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
ਬਾਜਵਾ ਨੇ ਕਿਹਾ ਕਿ ਜਦੋਂ ਤੋਂ 'ਆਪ' ਨੇ ਸੂਬੇ 'ਚ ਸ਼ਾਸਨ ਦੀ ਵਾਗਡੋਰ ਸੰਭਾਲੀ ਹੈ, ਸੂਬੇ 'ਚ ਅਪਰਾਧ ਦਰ ਵਧੀ ਹੈ। ਪੰਜਾਬ ਅਸਲ ਵਿੱਚ ‘ਗੈਂਗਲੈਂਡ’ ਬਣ ਚੁੱਕਾ ਹੈ। 'ਆਪ' ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਲੋਕਾਂ ਨਾਲ ਝੂਠ ਬੋਲਿਆ ਸੀ। ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕਈ ਵਾਅਦੇ ਵਿਅਰਥ ਸਾਬਤ ਹੋਏ ਹਨ। ਆਮ ਆਦਮੀ ਪਾਰਟੀ ਫਰੰਟ ਪੇਜ ਦੇ ਇਸ਼ਤਿਹਾਰਾਂ ਨਾਲ ਝੂਠੇ ਪ੍ਰਚਾਰ 'ਤੇ ਟੈਕਸ ਦਾਤਾਵਾਂ ਦਾ ਪੈਸਾ ਬਰਬਾਦ ਕਰ ਰਹੀ ਹੈ ਅਤੇ ਪੰਜਾਬ ਵਿੱਚ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੀ ਸਿਹਤ ਪ੍ਰਣਾਲੀ ਨੂੰ ਇੱਕ ਸਾਲ ਵਿੱਚ ਬਰਬਾਦ ਕਰ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ (ਆਪ) 'ਤੇ ਵਰ੍ਹਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਕ ਸਾਲ ਦੌਰਾਨ 'ਆਪ' ਸਰਕਾਰ 'ਗੱਲ 'ਚ ਸ਼ੇਰ ਅਤੇ ਕਾਰਵਾਈ 'ਚ ਢੇਰ' ਨਜ਼ਰ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰਜ਼ੇ ਲੈ ਕੇ ਚਲਾਈ ਜਾ ਰਹੀ ਹੈ। ਸਰਕਾਰ ਮਾਲੀਆ ਇਕੱਠਾ ਕਰਨ ਦੇ ਦਾਅਵਿਆਂ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਮੁਲਾਜ਼ਮਾਂ ਤੇ ਹੋਰ ਵਰਗਾਂ ਦੇ ਮਸਲੇ ਵੀ ਲਟਕ ਰਹੇ ਹਨ।
ਸੂਬੇ ਵਿੱਚ ਅਮਨ-ਕਾਨੂੰਨ ਦਾ ਸੰਸਕਾਰ ਹੋ ਚੁੱਕਾ ਹੈ, ਪਰ ਸਰਕਾਰ ਸਿਰਫ਼ ਗੱਲਾਂ-ਬਾਤਾਂ ਵਿੱਚ ਹੀ ਸਮਾਂ ਬਤੀਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਨ ਵਾਲੀ 'ਆਪ' ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੀ ਵੱਡੀ ਮਿਸਾਲ ਸਰਕਾਰ ਬਣਨ ਤੋਂ ਕੁਝ ਮਹੀਨਿਆਂ ਬਾਅਦ ਸੰਗਰੂਰ ਲੋਕ ਸਭਾ ਉਪ ਚੋਣ 'ਚ 'ਆਪ' ਦੀ ਨਮੋਸ਼ੀ ਭਰੀ ਹਾਰ ਹੈ।
ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦੇ ਮੁੱਖ ਮੰਤਰੀ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ‘ਆਪ’ ਆਗੂ ਇੱਕ ਤੋਂ ਬਾਅਦ ਇੱਕ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸਦੇ ਜਾ ਰਹੇ ਹਨ। ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਕਿਹਾ ਕਿ ਪਹਿਲੇ ਸਾਲ ਹੀ 'ਆਪ' ਸਰਕਾਰ ਨੇ 30,986 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਇਸ ਸਾਲ 34,784 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਵੇਗਾ। ਇਸ ਨਾਲ ਮਾਰਚ 2024 ਤੱਕ ਪੰਜਾਬ ਸਰਕਾਰ 'ਤੇ ਕਰਜ਼ੇ ਦਾ ਬੋਝ 3.47 ਲੱਖ ਕਰੋੜ ਰੁਪਏ ਹੋ ਜਾਵੇਗਾ।