ਕਾਂਗਰਸ ਹਾਈਕਮਾਂਡ ਹੋਈ ਸਖ਼ਤ,ਜਾਖੜ ਤੇ ਕੇਵੀ ਥਾਮਸ ਨੂੰ ਭੇਜਿਆ ਨੋਟਿਸ

ਸੁਨੀਲ ਜਾਖੜ ਤੋਂ ਇਲਾਵਾ ਕੇਰਲ ਦੇ ਸੀਨੀਅਰ ਨੇਤਾ ਕੇਵੀ ਥਾਮਸ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਦੋਵਾਂ ਆਗੂਆਂ ਤੋਂ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਗਿਆ ਹੈ।
ਕਾਂਗਰਸ ਹਾਈਕਮਾਂਡ ਹੋਈ ਸਖ਼ਤ,ਜਾਖੜ ਤੇ ਕੇਵੀ ਥਾਮਸ ਨੂੰ ਭੇਜਿਆ ਨੋਟਿਸ

ਪੰਜਾਬ ਵਿਚ ਕਾਂਗਰਸ ਦੇ ਚੋਣਾਂ ਹਾਰਨ ਦਾ ਮੁੱਖ ਕਾਰਨ ਆਪਸੀ ਕਾਟੋ ਕਲੇਸ਼ ਸੀ, ਜਿਸ ਨੂੰ ਲੈਕੇ ਹੁਣ ਹਾਈਕਮਾਂਡ ਨੇ ਸਖਤੀ ਦਾ ਰੁੱਖ ਆਪਣਾ ਲਿਆ ਹੈ। ਕਾਂਗਰਸ ਹਾਈਕਮਾਂਡ ਹੁਣ ਬਾਗੀਆਂ ਖਿਲਾਫ ਸਖਤ ਸਟੈਂਡ ਲੈਂਦੀ ਨਜ਼ਰ ਆ ਰਹੀ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਪੰਜਾਬ ਕਾਂਗਰਸ ਆਗੂ ਸੁਨੀਲ ਜਾਖੜ ਨੂੰ ਨੋਟਿਸ ਭੇਜਿਆ ਹੈ।

ਇਸ ਤੋਂ ਇਲਾਵਾ ਕੇਰਲ ਦੇ ਸੀਨੀਅਰ ਨੇਤਾ ਕੇਵੀ ਥਾਮਸ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਦੋਵਾਂ ਆਗੂਆਂ ਤੋਂ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਗਿਆ ਹੈ। ਹਾਈਕਮਾਂਡ ਦੀ ਪਾਬੰਦੀ ਤੋਂ ਬਾਅਦ ਵੀ ਸੀਪੀਐਮ ਦੇ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਕੇਵੀ ਥਾਮਸ ਨੂੰ ਅਤੇ ਸੁਨੀਲ ਜਾਖੜ ਨੂੰ ਪਾਰਟੀ ਲਾਈਨ ਅਤੇ ਪਾਰਟੀ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਸੁਨੀਲ ਜਾਖੜ ਨੇ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਹਿੰਦੂ ਹੋਣ ਕਾਰਨ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਤੋਂ ਇਲਾਵਾ ਕੇਵੀ ਥਾਮਸ ਨੂੰ ਪਾਰਟੀ ਹਾਈਕਮਾਂਡ ਵੱਲੋਂ ਸੀਪੀਐਮ ਦੇ ਸੈਮੀਨਾਰ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਅਨੁਸ਼ਾਸਨ ਤੋੜਦਿਆਂ ਉਥੇ ਜਾਣ ਦਾ ਫੈਸਲਾ ਕੀਤਾ।

ਇਸੇ ਤਰ੍ਹਾਂ ਦੀ ਪਾਬੰਦੀ ਪਾਰਟੀ ਨੇ ਸੀਨੀਅਰ ਨੇਤਾ ਸ਼ਸ਼ੀ ਥਰੂਰ 'ਤੇ ਵੀ ਲਗਾਈ ਸੀ ਪਰ ਉਹ ਇਸ 'ਤੇ ਡਟੇ ਰਹੇ। ਅਜਿਹੇ 'ਚ ਕਾਂਗਰਸ ਦੀ ਕੇਰਲ ਇਕਾਈ ਵੀ ਕੇਵੀ ਥਾਮਸ 'ਤੇ ਲਗਾਤਾਰ ਸਵਾਲ ਚੁੱਕ ਰਹੀ ਸੀ। ਕੇਰਲਾ ਇਕਾਈ ਨੇ ਵੀ ਹਾਈਕਮਾਂਡ ਨੂੰ ਉਸ ਦੇ ਰਵੱਈਏ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਹਾਈਕਮਾਂਡ ਨੇ ਉਸ ਨੂੰ ਸੀਪੀਐਮ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਹਿੱਸਾ ਨਾ ਲੈਣ ਦੇ ਨਿਰਦੇਸ਼ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਮੰਨਿਆ ਜਾ ਰਿਹਾ ਸੀ, ਪਰ ਹਾਈਕਮਾਂਡ ਨੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਉਹ ਚੰਨੀ ਤੇ ਲਗਾਤਾਰ ਹਮਲਾ ਕਰਦੇ ਵੀ ਨਜ਼ਰ ਆਏ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਵੀ ਉਨ੍ਹਾਂ ਚੰਨੀ ਬਾਰੇ ਕਿਹਾ ਸੀ ਕਿ ਹਾਈਕਮਾਂਡ ਨੂੰ ਸੋਚਣਾ ਚਾਹੀਦਾ ਸੀ,ਕਿ ਕਿਸ ਨੂੰ ਕਿੱਥੇ ਰੱਖਿਆ ਜਾਵੇ। ਉਨ੍ਹਾਂ ਦੇ ਬਿਆਨ ਨੂੰ ਦਲਿਤ ਵਿਰੋਧੀ ਦੱਸਦੇ ਹੋਏ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

Related Stories

No stories found.
logo
Punjab Today
www.punjabtoday.com