ਪੰਜਾਬ ਬਜਟ ਇਜਲਾਸ:ਸੀਐੱਮ ਮਾਨ ਦੇ ਵਿਧਾਨ ਸਭਾ ਆਉਣ 'ਤੇ ਕਾਂਗਰਸ ਕਰੇਗੀ ਬਾਈਕਾਟ

ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਮਾਨ ਦੇ ਆਉਣ 'ਤੇ ਸਦਨ ਦੀ ਕਾਰਵਾਈ ਦਾ ਉਦੋਂ ਤੱਕ ਬਾਈਕਾਟ ਕਰਨਗੇ, ਜਦੋਂ ਤੱਕ ਮਾਨ ਆਪਣੇ ਇਤਰਾਜ਼ਯੋਗ ਰਵੱਈਏ ਲਈ ਕਾਂਗਰਸ ਤੋਂ ਮੁਆਫੀ ਨਹੀਂ ਮੰਗਦੇ।
ਪੰਜਾਬ ਬਜਟ ਇਜਲਾਸ:ਸੀਐੱਮ ਮਾਨ ਦੇ ਵਿਧਾਨ ਸਭਾ ਆਉਣ 'ਤੇ ਕਾਂਗਰਸ ਕਰੇਗੀ ਬਾਈਕਾਟ

ਪੰਜਾਬ ਵਿਧਾਨਸਭਾ ਵਿਚ ਅੱਜ ਦਾ ਦਿਨ ਵੀ ਬਹੁਤ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਵਿੱਚ ਅੱਜ ਹੰਗਾਮਾ ਹੋਣ ਦੀ ਸੰਭਾਵਨਾ ਹੈ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਦਨ 'ਚ ਪਹੁੰਚਣ 'ਤੇ ਵੀ ਕਾਂਗਰਸੀ ਵਿਧਾਇਕ ਬਾਈਕਾਟ ਕਰਨਗੇ। ਫਿਲਹਾਲ ‘ਆਪ’ ਵਿਧਾਇਕਾਂ ਵੱਲੋਂ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਆਉਣ 'ਤੇ ਸਦਨ ਦੀ ਕਾਰਵਾਈ ਦਾ ਉਦੋਂ ਤੱਕ ਬਾਈਕਾਟ ਕਰਨਗੇ ਜਦੋਂ ਤੱਕ ਮੁੱਖ ਮੰਤਰੀ ਮਾਨ ਆਪਣੇ ਇਤਰਾਜ਼ਯੋਗ ਰਵੱਈਏ ਲਈ ਕਾਂਗਰਸ ਵਿਧਾਇਕਾਂ ਤੋਂ ਮੁਆਫੀ ਨਹੀਂ ਮੰਗਦੇ। ਉਦੋਂ ਤੱਕ ਕਾਂਗਰਸੀ ਵਿਧਾਇਕ ਸਦਨ ​​'ਚ ਮੌਜੂਦ ਰਹਿਣਗੇ।

ਪੰਜਾਬ ਸਰਕਾਰ ਨੇ 10 ਮਾਰਚ ਨੂੰ ਬਜਟ ਪੇਸ਼ ਕਰਨਾ ਹੈ। ਇਸ ਕਾਰਨ ਅੱਜ ਦੀ ਕਾਰਵਾਈ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੇ ਦੂਜੇ ਦਿਨ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਟਵੀਟ ਦੇ ਸਹੀ ਜਾਂ ਗਲਤ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ। ਬੈਂਸ ਨੇ ਖਹਿਰਾ ਦੇ ਟਵੀਟ ਨੂੰ ਝੂਠਾ ਕਰਾਰ ਦਿੰਦਿਆਂ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਹੈ।

ਸਦਨ ਦੀ ਕਾਰਵਾਈ ਦੇ ਤੀਜੇ ਦਿਨ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਰੇ ਕਾਂਗਰਸੀ ਲੀਡਰਾਂ ਦਾ ਨੰਬਰ ਆਵੇਗਾ, ਬੱਸ ਕੁਝ ਦੇਰ ਉਡੀਕ ਕਰੋ। ਇਸ ਦੇ ਨਾਲ ਹੀ ਬਾਜਵਾ ਨੇ ਸੀਐਮ ਮਾਨ ਨੂੰ ਸਦਨ ਦੇ ਸਾਥੀਆਂ ਨੂੰ ਧਮਕੀਆਂ ਦੇਣ ਅਤੇ ਇਤਰਾਜ਼ਯੋਗ ਵਿਵਹਾਰ ਲਈ ਮੁਆਫੀ ਮੰਗਣ ਲਈ ਕਿਹਾ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਮੁੱਖ ਮੰਤਰੀ ਦੇ ਵਿਧਾਨਸਭਾ ਆਉਣ 'ਤੇ ਬਾਈਕਾਟ ਕਰਨ ਦੀ ਗੱਲ ਕਹੀ ਹੈ।

ਉਥੇ ਹੀ ਦੂਜੇ ਪਾਸੇ ਸੂਬਾ ਸਰਕਾਰ ਵੱਲੋਂ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ, ਪਰ ਇਸ ਤੋਂ ਪਹਿਲਾਂ ਅੱਜ ਪੰਜਾਬ ਭਾਜਪਾ ਵੱਲੋਂ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਤੋਂ ਸਵੇਰੇ 11 ਵਜੇ ਪੈਦਲ ਮਾਰਚ ਕੱਢ ਕੇ ਵਿਧਾਨ ਸਭਾ ਦਾ ਘਿਰਾਓ ਕਰੇਗੀ।

Related Stories

No stories found.
logo
Punjab Today
www.punjabtoday.com