ਜਲੰਧਰ ਲੋਕ ਸਭਾ ਉਪ ਚੋਣ 'ਚ ਭਗਵੰਤ ਮਾਨ ਦੀ ਇਕ ਵਾਰ ਫੇਰ ਪ੍ਰੀਖਿਆ ਹੋਵੇਗੀ। ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਤਤਕਾਲੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੰਦਭਾਗੀ ਮੌਤ ਤੋਂ ਢਾਈ ਮਹੀਨਿਆਂ ਬਾਅਦ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਉਪ ਚੋਣ ਦਾ ਐਲਾਨ ਕੀਤਾ। ਇਸ ਲੋਕ ਸਭਾ ਸੀਟ 'ਤੇ 10 ਮਈ ਨੂੰ ਵੋਟਿੰਗ ਹੋਵੇਗੀ।
ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਇਹ ਦੂਜੀ ਲੋਕ ਸਭਾ ਉਪ ਚੋਣ ਹੈ। ਇਸ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਹੋ ਚੁੱਕੀ ਹੈ। ਸੰਗਰੂਰ ਸੀਟ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ।
ਜਲੰਧਰ ਲੋਕ ਸਭਾ ਸੀਟ ਰਵਾਇਤੀ ਤੌਰ 'ਤੇ ਕਾਂਗਰਸ ਦਾ ਗੜ੍ਹ ਰਹੀ ਹੈ। ਹਾਲਾਂਕਿ, ਕੁਝ ਮੌਕਿਆਂ 'ਤੇ ਸਥਾਨਕ ਵੋਟਰਾਂ ਵੱਲੋਂ ਹੋਰ ਪਾਰਟੀਆਂ ਨੂੰ ਵੀ ਅਜ਼ਮਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ 1989 ਅਤੇ 1998 ਵਿਚ ਜਨਤਾ ਦਲ ਦੀ ਟਿਕਟ 'ਤੇ ਇੱਥੋਂ ਜਿੱਤੇ ਸਨ, ਜਦਕਿ ਅਕਾਲੀ ਦਲ ਦੇ ਉਮੀਦਵਾਰ 1977 ਅਤੇ 1996 ਤੋਂ ਬਾਅਦ ਇਸ ਸੀਟ 'ਤੇ ਜਿੱਤ ਪ੍ਰਾਪਤ ਕਰਦੇ ਆਏ ਹਨ। 2008 ਤੋਂ ਬਾਅਦ ਇਹ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੋ ਗਈ ਅਤੇ ਸਭ ਤੋਂ ਪਹਿਲਾਂ 2009 ਵਿੱਚ ਮਹਿੰਦਰ ਸਿੰਘ ਕੇਪੀ ਕਾਂਗਰਸ ਦੀ ਟਿਕਟ 'ਤੇ ਇਸ ਰਾਖਵੀਂ ਸੀਟ ਤੋਂ ਜਿੱਤੇ।
ਇਸ ਤੋਂ ਬਾਅਦ ਸੰਤੋਖ ਚੌਧਰੀ 2014 ਅਤੇ 2019 ਵਿੱਚ ਦੋ ਵਾਰ ਜਿੱਤੇ। ਹਾਲਾਂਕਿ ਇਸ ਤੋਂ ਪਹਿਲਾਂ ਮਈ 2014 'ਚ 'ਆਪ' ਦੀ ਉਮੀਦਵਾਰ ਜੋਤੀ ਮਾਨ ਕੁੱਲ ਜਾਇਜ਼ ਵੋਟਾਂ ਦੇ 24 ਫੀਸਦੀ ਨਾਲ ਤੀਜੇ ਨੰਬਰ 'ਤੇ ਰਹੀ ਸੀ। ਦੋ ਹਫ਼ਤੇ ਪਹਿਲਾਂ, ਕਾਂਗਰਸ ਨੇ ਜਲੰਧਰ ਉਪ ਚੋਣ ਲਈ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ, ਜਦੋਂ ਕਿ ਸੱਤਾਧਾਰੀ 'ਆਪ', ਅਕਾਲੀ-ਬਸਪਾ ਗਠਜੋੜ ਅਤੇ ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਇਸ ਉਪ ਚੋਣ ਵਿਚ ਇਕੱਲੇ ਉਤਰੇਗੀ ਅਤੇ ਹਿੰਦੂ ਵੋਟਾਂ 'ਤੇ ਨਜ਼ਰ ਰੱਖ ਰਹੀ ਹੈ। ਦੂਜੇ ਪਾਸੇ ਅਕਾਲੀ-ਬਸਪਾ ਗਠਜੋੜ ਰਵਿਦਾਸੀਆ ਅਤੇ ਵਾਲਮੀਕਿ ਸਮਾਜ ਨੂੰ ਆਪਣੀ ਜਿੱਤ ਦਾ ਮੁੱਖ ਆਧਾਰ ਮੰਨ ਰਿਹਾ ਹੈ।