
ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ ਤੋਂ ਰਿਹਾਅ ਹੋ ਸਕਦੇ ਹਨ, ਉਨ੍ਹਾਂ ਦੇ ਚੰਗੇ ਆਚਰਣ ਨੂੰ ਵੇਖਦੇ ਹੋਏ ਸਰਕਾਰ ਉਨ੍ਹਾਂ ਨੂੰ ਸਮੇਂ ਤੋਂ ਪਹਿਲਾ ਰਿਹਾਅ ਕਰ ਸਕਦੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਪਹੁੰਚ ਰਹੀ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਦੇ 3 ਸਾਬਕਾ ਪ੍ਰਧਾਨਾਂ ਨੇ ਕੇਂਦਰੀ ਜੇਲ੍ਹ ਪਟਿਆਲਾ ਪਹੁੰਚ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਤੋਂ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ ਅਤੇ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਰੂੜੀਵਾਦੀ ਕਾਂਗਰਸੀ ਆਗੂਆਂ ਦਾ ਵੱਡਾ ਗਰੁੱਪ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ ਅਤੇ ਸਿੱਧੂ ਨੂੰ ਅੱਗੇ ਲਿਆ ਕੇ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਪਿਛਲੇ 55 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਕੰਮ ਕਰ ਰਹੇ ਅਤੇ ਹਰ ਸਰਕਾਰ ਵਿੱਚ ਮੰਤਰੀ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਮਹਿੰਦਰ ਸਿੰਘ ਕੇ.ਪੀ. ਕੇਂਦਰੀ ਜੇਲ੍ਹ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ।
ਇਸਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਅੱਜ ਜੇਲ੍ਹ ਪਹੁੰਚ ਕੇ ਸਿੱਧੂ ਨਾਲ ਮੁਲਾਕਾਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਬਾਹਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ 'ਚ ਕਾਂਗਰਸ ਮਜ਼ਬੂਤ ਹੋਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚ ਕੋਈ ਵਿਵਾਦ ਨਹੀਂ ਹੈ।
ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਰਾਜਾ ਵੜਿੰਗ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਂਦੀ ਹੈ ਤਾਂ ਉਹ ਸਿੱਧੂ ਨਾਲ ਜਾਣਗੇ। ਆਗੂਆਂ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ 26 ਤਰੀਕ ਨੂੰ ਰਿਹਾਅ ਹੋ ਜਾਂਦੇ ਹਨ ਤਾਂ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕਰਨਗੇ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਕੁੱਝ ਹੋਰ ਅਤੇ ਕਰਦੀ ਕੁਝ ਹੋਰ ਹੈ । ਬੇਸ਼ੱਕ ਸਿੱਧੂ ਦੇ ਚੰਗੇ ਆਚਰਣ ਕਾਰਨ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ਪਰ ਇਸ ਸਰਕਾਰ ਦੀ ਨੀਅਤ ਸ਼ੱਕੀ ਹੈ ਅਤੇ ਇਸ ਵਿੱਚ ਕੋਈ ਰੁਕਾਵਟ ਪੈਦਾ ਹੋ ਸਕਦੀ ਹੈ।