
ਕਹਿੰਦੇ ਨੇ ਕਿ ਸਹੁਰੇ ਰੱਜੇ-ਪੁੱਜੇ ਨਹੀਂ ਸਗੋਂ ਨੀਅਤ ਦੇ ਰੱਜੇ-ਪੁੱਜੇ ਹੋਣੇ ਚਾਹੀਦੇ ਨੇ, ਜਦੋਂ ਤੱਕ ਇਹਨਾਂ ਲੋਕਾਂ ਦੀਆਂ ਨੀਅਤਾਂ ਨਹੀਂ ਰੱਜਦੀਆਂ ਉਦੋਂ ਤੱਕ ਇਸੇ ਤਰ੍ਹਾਂ ਧੀਆਂ ਦੀਆਂ ਭਰ ਜਵਾਨੀ ਵਿੱਚ ਅਰਥੀਆਂ ਉੱਠਦੀਆਂ ਰਹਿਣਗੀਆਂ। ਜਿਹਨਾਂ ਧੀਆਂ ਦੇ ਇੱਕ ਹਾਸੇ 'ਤੇ ਮਾਪੇ ਜਾਨ ਵਾਰਨ ਨੂੰ ਜਾਂਦੇ ਨੇ, ਉਹਨਾਂ ਨੂੰ ਸੁੰਨ ਪਈਆਂ ਦੇਖ ਕੇ ਮਾਪਿਆਂ ਦੇ ਦਿਲਾਂ ਤੇ ਕੀ ਬੀਤਦੀ ਹੈ ਇਹ ਤਾਂ ਉਹੀ ਜਾਣਦੇ ਨੇ। ਪਰ ਦਾਜ ਦੇ ਲੋਭੀਆਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਤਾਂ ਬੱਸ ਕਾਰ ਚਾਹੀਦੀ ਹੈ, ਕੈਸ਼ ਚਾਹੀਦਾ ਹੈ। ਕਿਸੀ ਦੀ ਜਿਊਂਦੀ-ਜਾਗਦੀ ਧੀ ਤਾਂ ਉਹਨਾਂ ਲਈ ਬੇਕਾਰ ਹੈ।
ਪਿਛਲੇ ਹਫਤੇ ਖ਼ਬਰ ਆਈ ਸੀ ਮੁਕਤਸਰ ਤੋਂ ਜਿੱਥੇ ਇੱਕ ਪੜ੍ਹੀ-ਲਿਖੀ, ਸਰਕਾਰੀ ਨੌਕਰੀ 'ਤੇ ਲੱਗੀ ਧੀ ਨੂੰ ਵੀ ਦਾਜ ਦੀ ਬਲੀ ਚੜ੍ਹਨਾ ਪਿਆ। ਅਤੇ ਅੱਜ ਖਬਰ ਆਈ ਹੈ ਜਲੰਧਰ ਤੋਂ, ਜਿੱਥੇ ਇੱਕ ਧੀ ਨੂੰ ਇੰਨਾ ਮਾਨਸਿਕ ਤਸ਼ੱਦਦ ਦਿੱਤਾ ਗਿਆ ਕਿ ਉਸਨੇ ਵੀ ਆਤਮਹੱਤਿਆ ਕਰ ਲਈ।
ਮਾਪਿਆਂ ਨੇ ਧੀ ਨੂੰ ਨਾਜ਼ਾਂ ਨਾਲ ਪਾਲਿਆ, ਉਸ ਨੂੰ ਪਾਲ ਪੋਸ ਕੇ ਵੱਡੀ ਕੀਤਾ, ਰਾਣੀਆਂ ਵਾਂਗ ਵਿਆਹ ਕੇ ਸਹੁਰੇ ਘਰ ਵਿਦਾ ਕੀਤਾ, ਪਰ ਫਿਰ ਵੀ ਸਹੁਰਿਆਂ ਦੇ ਮੂੰਹ ਸਿੱਧੇ ਨਾ ਹੋਏ। ਮਾਮਲਾ ਜਲੰਧਰ ਦੇ ਲੋਹੀਆ ਖਾਸ ਦਾ ਹੈ। ਜਿੱਥੇ ਸਹੁਰਿਆਂ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਇੱਕ ਹੋਰ ਧੀ-ਧਿਆਣੀ ਨੇ ਮੌਤ ਨੂੰ ਗਲੇ ਲਗਾ ਲਿਆ। ਬਲਵਿੰਦਰ ਸਿੰਘ ਢਿੱਡੂ ਨੇ ਦੱਸਿਆ ਕਿ ਉਹਨਾਂ ਦੀ ਧੀ ਲਵਪ੍ਰੀਤ ਦਾ ਵਿਆਹ ਗਗਨ ਨਾਲ ਹੋਇਆ ਸੀ। ਪਰ ਵਿਆਹ ਦੇ ਬਾਅਦ ਤੋਂ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।ਇਥੋਂ ਤੱਕ ਕਿ ਜਦੋਂ ਲਵਪ੍ਰੀਤ ਨੇ ਗਰਭ ਧਾਰਨ ਕੀਤਾ ਤਾਂ ਬੱਚੇ ਦਾ ਲਿੰਗ ਟੈਸਟ ਕਰਾਇਆ ਗਿਆ ਅਤੇ ਧੀ ਹੋਣ ਦੇ ਚੱਲਦੇ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਬਾਅਦ ਵਿਚ ਲਵਪ੍ਰੀਤ ਨੂੰ ਇਹ ਕਹਿ ਕੇ ਪੇਕਿਆਂ 'ਤੇ ਭੇਜ ਦਿੱਤਾ ਕਿ ਕਾਰ ਲੈ ਕੇ ਆਵੀ ਨਹੀਂ ਤਾਂ ਨਾ ਆਵੀਂ।