ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਆਪਣੀ ਮੰਗਾ ਮਨਾਉਣ ਲਈ ਮਾਨ ਦਾ ਕਾਫਲਾ ਰੋਕਿਆ

ਸੀ.ਐੱਮ. ਮਾਨ ਨੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਮਾਨ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਰਾਹ ਵਿੱਚ ਆ ਰਹੀਆਂ ਕਾਨੂੰਨੀ ਅੜਚਣਾਂ ਨੂੰ ਸਰਕਾਰ ਇਮਾਨਦਾਰੀ ਨਾਲ ਦੂਰ ਕਰ ਰਹੀ ਹੈ।
ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਆਪਣੀ ਮੰਗਾ ਮਨਾਉਣ ਲਈ ਮਾਨ ਦਾ ਕਾਫਲਾ ਰੋਕਿਆ

ਭਗਵੰਤ ਮਾਨ ਨੇ ਹੁਣ ਕਈ ਵੱਡੇ ਐਲਾਨ ਕਰਨੇ ਸ਼ੁਰੂ ਕਰ ਦਿਤੇ ਹਨ ਅਤੇ ਪੰਜਾਬ ਵਿਚ ਲਗਾਤਾਰ ਸਰਕਾਰੀ ਭਰਤੀਆਂ ਦੀ ਵੀ ਗੱਲ ਕਹਿ ਰਹੇ ਹਨ । ਸ਼ੁੱਕਰਵਾਰ ਨੂੰ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਪਟਿਆਲਾ-ਰਾਜਪੁਰਾ ਰੋਡ 'ਤੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਨੂੰ ਰੋਕ ਲਿਆ।

ਅਧਿਆਪਕਾਂ ਨੇ ਭਗਵੰਤ ਮਾਨ ਅੱਗੇ ਆਪਣੀਆਂ ਮੰਗਾਂ ਰੱਖੀਆਂ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਅਪੀਲ ਕੀਤੀ। ਇਸ ਦੇ ਜਵਾਬ ਵਿੱਚ ਸੀ.ਐਮ.ਮਾਨ ਨੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਸੀਐਮ ਮਾਨ ਨੇ ਧਰਨਾਕਾਰੀ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਜਿੱਥੇ ਵੀ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਧਰਨੇ 'ਤੇ ਬੈਠੇ ਹਨ, ਉਹ ਅੰਦੋਲਨ ਖ਼ਤਮ ਕਰਕੇ ਆਪੋ-ਆਪਣੇ ਘਰਾਂ ਨੂੰ ਪਰਤਣ।

ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਰਾਹ ਵਿੱਚ ਆ ਰਹੀਆਂ ਕਾਨੂੰਨੀ ਅੜਚਣਾਂ ਨੂੰ ਸਰਕਾਰ ਇਮਾਨਦਾਰੀ ਨਾਲ ਦੂਰ ਕਰ ਰਹੀ ਹੈ। ਸਭ ਨੂੰ ਨਿਯਮਤ ਕੀਤਾ ਜਾਵੇਗਾ। ਜਲਦੀ ਹੀ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਿਤ ਹੋਣਗੇ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਦੂਜੇ ਪਾਸੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਡੀਪੀਈ ਅਧਿਆਪਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 168 ਅਸਾਮੀਆਂ ਦੀ ਭਰਤੀ ਕੀਤੀ ਸੀ, ਪਰ ਹੁਣ ਉਨ੍ਹਾਂ 'ਤੇ ਟੀ.ਈ.ਟੀ. ਦੀ ਪ੍ਰੀਖਿਆ ਥੋਪੀ ਜਾ ਰਹੀ ਹੈ। ਇਹ ਨਿਯਮਾਂ ਦੇ ਵਿਰੁੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੇਰੁਜ਼ਗਾਰ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਵਿੱਚ ਪਾਣੀ ਵਾਲੀ ਟੈਂਕੀ 'ਤੇ ਧਰਨਾ ਦੇ ਰਹੇ ਹਨ। ਮੰਤਰੀ ਹਰਜੋਤ ਬੈਂਸ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ।

ਬੇਰੁਜ਼ਗਾਰ ਡੀਪੀਈ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸੂਬੇ ਵਿੱਚ ਮੁੱਖ ਮੰਤਰੀ ਜਿੱਥੇ ਵੀ ਜਾਣਗੇ, ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸੇ ਤਹਿਤ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਾ ਪਟਿਆਲਾ ਵਿੱਚ ਘਿਰਾਓ ਕੀਤਾ ਗਿਆ ਹੈ। ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਇਸਤੋਂ ਪਹਿਲਾ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਵਿੱਚ 117 ਸਕੂਲ ਆਫ਼ ਐਕਸੀਲੈਂਸ ਖੋਲ੍ਹੇ ਜਾਣਗੇ। ਅੱਠਵੀਂ ਤੋਂ ਬਾਅਦ ਬੱਚੇ ਦਾ ਝੁਕਾਅ ਜਿਸ ਦਿਸ਼ਾ ਵੱਲ ਹੋਵੇਗਾ, ਉਸ ਨੂੰ ਉਸ ਹਿਸਾਬ ਨਾਲ ਸਿੱਖਿਆ ਦਿੱਤੀ ਜਾਵੇਗੀ। ਹਰ ਸਾਲ 2100 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਨ੍ਹਾਂ ਵਿੱਚ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਹੋਣਗੇ।

Related Stories

No stories found.
Punjab Today
www.punjabtoday.com