
ਪੰਜਾਬੀਆਂ ਦੀਆਂ ਸਾਹਿਤ ਨੂੰ ਲੈ ਕੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ। ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪਦਮ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਪੰਜਾਬ ਵਿਚੋਂ ਇਕਲੌਤਾ ਨਾਂ ਡਾ. ਰਤਨ ਸਿੰਘ ਜੱਗੀ ਦਾ ਹੈ।
ਡਾ. ਜੱਗੀ ਪੰਜਾਬੀ ਅਤੇ ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਵਿਸ਼ੇਸ਼ ਤੌਰ 'ਤੇ ਬਹੁਤ ਹੀ ਉੱਘੇ ਵਿਦਵਾਨ ਹਨ। ਉਨ੍ਹਾਂ ਨੇ ਆਪਣੇ ਜੀਵਨ ਦੇ 70 ਤੋਂ ਵੱਧ ਸਾਲ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤੇ ਹਨ। ਸਾਲ 1962 ਵਿੱਚ, ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਦਸਮ ਗ੍ਰੰਥ ਦੇ ਪੁਰਾਣਿਕ ਅਧਿਐਨ ਵਿੱਚ ਪੀਐਚਡੀ ਕੀਤੀ।
ਸਾਲ 1973 ਵਿਚ ਡਾ. ਰਤਨ ਸਿੰਘ ਜੱਗੀ ਨੇ ਮਗਧ ਯੂਨੀਵਰਸਿਟੀ (ਬੋਧਗਯਾ) ਤੋਂ ਡੀ.ਲਿਟ ਦੀ ਡਿਗਰੀ ਪ੍ਰਾਪਤ ਕੀਤੀ, ਜਿਸ ਵਿਚ ਹਿੰਦੀ 'ਚ ਉਨ੍ਹਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ - ਸ਼ਖਸੀਅਤ, ਕ੍ਰਿਤਤਵ ਅਤੇ ਚਿੰਤਨ ਸੀ। ਇਸ ਪੁਸਤਕ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ। ਡਾ. ਜੱਗੀ ਨੇ ਸ਼੍ਰੀ ਗੁਰੂ ਨਾਨਕ ਵਾਣੀ 'ਤੇ ਕਈ ਕਿਤਾਬਾਂ ਵੀ ਲਿਖੀਆਂ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਤਰਫ਼ੋਂ ਡਾ. ਜੱਗੀ ਵੱਲੋਂ ਪੰਜਾਬੀ ਅਤੇ ਹਿੰਦੀ ਵਿੱਚ ਗੁਰੂ ਨਾਨਕ ਬਾਣੀ-ਪਾਠ ਅਤੇ ਵਿਆਖਿਆ ਨਾਮ ਦੀ ਪੁਸਤਕ ਤਿਆਰ ਕਰਕੇ ਵੰਡੀ ਗਈ। ਡਾ. ਜੱਗੀ ਦੀ ਇੱਕ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਨੇ ਰਾਮਚਰਿਤ ਮਾਨਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਵਿਸ਼ਵਕੋਸ਼ ਦੀ ਲੋੜ ਨੂੰ ਦੇਖਦਿਆਂ ਡਾ. ਜੱਗੀ ਨੇ 2002 ਵਿੱਚ ਸ੍ਰੀ ਗੁਰੂ ਗ੍ਰੰਥ ਵਿਸ਼ਵਕੋਸ਼ ਨੂੰ ਸੰਖੇਪ ਰੂਪ ਵਿੱਚ ਲਿਖਿਆ। ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਸਾਹਿਤ ਜਗਤ ਵਿੱਚ ਡਾ.ਜੱਗੀ ਦੀਆਂ ਪ੍ਰਾਪਤੀਆਂ ਲਈ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਲ 2014 ਵਿੱਚ ਆਨਰੇਰੀ ਡੀ-ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪ੍ਰਾਪਤੀਆਂ ਦੇ ਮੱਦੇਨਜ਼ਰ ਡਾ. ਰਤਨ ਸਿੰਘ ਜੱਗੀ ਨੂੰ ਸਾਲ 1989 ਵਿੱਚ "ਸਾਹਿਤ ਅਕਾਦਮੀ, ਨਵੀਂ ਦਿੱਲੀ" ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਵਉੱਚ ਪੁਰਸਕਾਰ "ਪੰਜਾਬੀ ਸਾਹਿਤ ਸ਼੍ਰੋਮਣੀ (ਰਤਨ)" ਦਿੱਤਾ ਗਿਆ। 1964 ਤੋਂ 1976 ਤੱਕ ਅੱਠ ਵਾਰ ਉਸ ਦੀਆਂ ਪੁਸਤਕਾਂ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ।