
ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਬਹੁਤ ਜ਼ਿਆਦਾ ਸਿਕਾਇਤਾਂ ਮਿਲਿਆ ਸਨ, ਜਿਸਤੋ ਬਾਅਦ ਸਿਖਿਆ ਮੰਤਰੀ ਨੇ ਇਨ੍ਹਾਂ ਸਕੂਲਾਂ ਦੇ ਖਿਲਾਫ ਸਖਤੀ ਕਰਨ ਦੇ ਹੁਕਮ ਦਿਤੇ ਸਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ।
ਮੰਤਰੀ ਬੈਂਸ ਅਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਅਚਨਚੇਤ ਨਿਰੀਖਣ ਕਰਨਗੇ। ਉਨ੍ਹਾਂ ਦੀ ਇਸ ਗੱਲ 'ਤੇ ਵੀ ਪੂਰੀ ਨਜ਼ਰ ਹੈ ਕਿ ਸਕੂਲਾਂ ਵਿਚ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਬੈਂਸ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 'ਆਪ' ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜ਼ਮੀਨੀ ਪੱਧਰ 'ਤੇ ਜਾਂਚ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੈਂਸ 4 ਅਪ੍ਰੈਲ ਤੋਂ 29 ਅਪ੍ਰੈਲ ਤੱਕ ਰੋਜ਼ਾਨਾ ਕਿਸੇ ਨਾ ਕਿਸੇ ਸਕੂਲ 'ਚ ਛਾਪੇਮਾਰੀ ਕਰਨਗੇ। ਹੁਣ ਤੱਕ ਪਤਾ ਲੱਗਾ ਹੈ ਕਿ 5 ਅਪ੍ਰੈਲ ਨੂੰ ਫਾਜ਼ਿਲਕਾ ਅਤੇ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਨੂੰ ਰੋਪੜ ਅਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ ਜਾਣਗੇ।
24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਬੈਂਸ ਸਕੂਲਾਂ ਵਿੱਚ ਇਸ ਸਾਲ ਕਿੰਨੇ ਨਵੇਂ ਦਾਖ਼ਲੇ ਹੋਏ ਹਨ, ਅਧਿਆਪਕਾਂ ਤੋਂ ਕਿੰਨੀਆਂ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ ਹਨ, ਦਾ ਹਿਸਾਬ ਵੀ ਲੈਣਗੇ। ਦੱਸ ਦੇਈਏ ਕਿ 'ਆਪ' ਸਰਕਾਰ ਨੂੰ ਇੱਕ ਸਾਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰਨ ਦਾ ਲੋਕਾਂ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਏ ਹਨ, ਪਰ ਸਰਕਾਰੀ ਸਕੂਲਾਂ ਵਿੱਚ ਕੋਈ ਖਾਸ ਤਬਦੀਲੀ ਦੇਖਣ ਨੂੰ ਨਹੀਂ ਮਿਲੀ। ਇਸ ਦੇ ਨਾਲ ਹੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਸਰਗਰਮ ਨਜ਼ਰ ਆ ਰਹੇ ਹਨ ਤਾਂ ਜੋ ਸਿੱਖਿਆ ਦੇ ਮੁੱਦੇ 'ਤੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਨਿਸ਼ਾਨਾ ਨਾ ਬਣਾਇਆ ਜਾ ਸਕੇ।