ਚੰਡੀਗੜ੍ਹ ਦੀ ਸ਼ਾਨ ਏਲਾਂਤੇ ਮਾੱਲ ਦਾ ਨਾਮ ਬਦਲ ਦਿੱਤਾ ਗਿਆ ਹੈ। ਇਲਾਂਤੇ ਮਾੱਲ ਜੋ ਕਿ ਕੇਵਲ ਸ਼ਾਪਿੰਗ ਡੈਸਟੀਨੇਸ਼ਨ ਹੀ ਨਹੀਂ ਸੀ ਬਲਕਿ ਸੈਲਾਨੀਆਂ ਲਈ ਵੀ ਇਕ ਦਿੱਖ ਦਾ ਕੇਂਦਰ ਬਣਿਆ ਹੋਇਆ ਸੀ ਦਾ ਨਾਮ ਬਦਲ ਕੇ ਨੈਕਸਸ ਏਲਾਂਤੇ ਰੱਖਿਆ ਜਾਵੇਗਾ। ਇਹ ਨਾਮ ਬਦਲੀ ਏਲਾਂਤੇ ਮਾੱਲ ਨੂੰ ਨੈਕਸਸ ਗਰੁੱਪ ਵੱਲੋਂ ਖ਼ਰੀਦਣ ਤੋਂ ਬਾਅਦ ਹੋਈ ਹੈ। ਦੱਸਣਯੋਗ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਮਾੱਲ ਕੰਪਨੀਆਂ ਦੇ ਮਾਲਕ ਨੈਕਸਸ ਮਾੱਲ ਦੀਆਂ ਪੂਰੇ ਦੇਸ਼ ਵਿੱਚ 17 ਪ੍ਰਾਪਰਟੀਆਂ ਹਨ।
ਇਲਾਂਤੇ ਮਾੱਲ ਦੇ ਵਿੱਚ ਇਹ ਦੂਜੀ ਵਾਰ ਹੋਇਆ ਹੈ ਕਿ ਪੂਰੇ ਮਾੱਲ ਨੂੰ ਕਿਸੇ ਹੋਰ ਗਰੁੱਪ ਨੇ ਖਰੀਦ ਲਿਆ ਹੈ। ਸ਼ੁਰੂਆਤ ਵਿੱਚ ਇਹ ਮਾੱਲ ਕੰਸਟ੍ਰਕਸ਼ਨ ਵਪਾਰ ਦੀ ਵੱਡੀ ਕੰਪਨੀ ਲਾਰਸਨ ਐਂਡ ਟੂਬਰੋ ਦੀ ਮਲਕੀਅਤ ਅਧੀਨ ਸੀ। ਬਾਅਦ ਵਿੱਚ ਇਸ ਨੂੰ 1700 ਕਰੋੜ ਦੇ ਵਿੱਚ ਕਾਰਨੀਵਲ ਗਰੁੱਪ ਵੱਲੋਂ ਖ਼ਰੀਦ ਲਿਆ ਗਿਆ ਸੀ। ਹੁਣ ਸੂਤਰਾਂ ਮੁਤਾਬਕ ਨੈਕਸਸ ਗਰੁੱਪ ਨੇ ਇਸ ਮਾੱਲ ਨੂੰ 2200 ਕਰੋੜ ਵਿੱਚ ਖਰੀਦਿਆ ਹੈ। ਇਲਾਂਤੇ ਮਾੱਲ ਦੇ ਵਿੱਚ 220 ਤੋਂ ਵੱਧ ਦੁਕਾਨਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਰਾਂਡ ਹਨ। ਇਸ ਤੋਂ ਇਲਾਵਾ ਏਲਾਂਤੇ ਮਾੱਲ ਵਿਚ ਪੀਵੀਆਰ ਸਿਨੇਮੇ ਅਤੇ ਕਾਫ਼ੀ ਆਲੀਸ਼ਾਨ ਫੂਡ ਕੋਰਟ ਹੈ। ਇਲਾਂਤੇ ਮਾੱਲ ਦੇ ਵਿੱਚ ਵਿਸ਼ਵ ਪੱਧਰ ਦੇ ਵੱਡੇ ਰੈਸਟੋਰੈਂਟ ਵੀ ਆਪਣਾ ਵਪਾਰ ਚਲਾ ਰਹੇ ਹਨ।
ਨੈਕਸਸ ਗਰੁੱਪ ਦੇ ਸੀਈਓ ਦਲੀਪ ਸਹਿਗਲ ਅਨੁਸਾਰ ਨਾਮ ਬਦਲੀ ਵੀ ਉਨ੍ਹਾਂ ਦੀ ਇਕ ਰੀਬ੍ਰੈਂਡਿੰਗ ਦੀ ਸਟਰੈਟੇਜੀ ਹੈ। ਉਨ੍ਹਾਂ ਅਨੁਸਾਰ ਲੋਕਾਂ ਨੂੰ ਕੁਝ ਨਾ ਕੁਝ ਨਵਾਂ ਚਾਹੀਦਾ ਹੁੰਦਾ ਹੈ ਅਤੇ ਉਹ ਕੁਝ ਇਸ ਤਰੀਕੇ ਨਾਲ ਹੀ ਕਰ ਰਹੇ ਹਨ। ਨੈਕਸਸ ਗਰੁੱਪ ਅਨੁਸਾਰ ਲਾਕਡਾਊਨ ਤੋਂ ਬਾਅਦ ਆ ਰਹੀਆਂ ਦਿੱਕਤਾਂ ਹੁਣ ਕਾਫ਼ੀ ਹੱਦ ਤਕ ਠੀਕ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਏਲਾਂਤੇ ਮਾੱਲ ਵਿੱਚ ਕੇਵਲ ਚੰਡੀਗੜ੍ਹ ਦੇ ਲੋਕ ਹੀ ਨਹੀਂ ਆਉਂਦੇ ਸਨ ਬਲਕਿ ਪੰਜਾਬ ਅਤੇ ਹਰਿਆਣਾ ਦੇ ਹਿੱਸਿਆਂ ਤੋਂ ਵੀ ਲੋਕ ਆਉਂਦੇ ਹਨ। ਜੇਕਰ ਕੋਈ ਵੀ ਚੰਡੀਗੜ੍ਹ ਘੁੰਮਣ ਆਉਂਦਾ ਸੀ ਤਾਂ ਉਹ ਏਲਾਂਤੇ ਮਾੱਲ ਜ਼ਰੂਰ ਆਉਂਦਾ ਹੈ। ਅੱਜ ਦੇ ਸਮੇਂ ਵਿਚ ਏਲਾਂਤੇ ਮਾੱਲ ਪੁਰਾਣੇ ਚੰਡੀਗਡ਼੍ਹ ਦਾ ਸਤਾਰਾਂ ਸੈਕਟਰ ਜਾਂ ਸੁਖਨਾ ਝੀਲ ਕਿਹਾ ਜਾ ਸਕਦਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।