
ਉੱਘੇ ਇਤਿਹਾਸਕਾਰ ਅਤੇ ਹਿੰਦੀ ਲੇਖਕ ਦੀਪਕ ਜਲੰਧਰੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕਰੀਬ ਅੱਠ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਇੱਥੋਂ ਦੇ ਲਾਜਪਤ ਨਗਰ ਵਿੱਚ ਰਹਿਣ ਵਾਲੇ ਜਲੰਧਰੀ ਨੇ ਆਪਣੀ ਪੁਸਤਕ ‘ਏਕ ਸ਼ਹਿਰ ਜਲੰਧਰ’ ਵਿੱਚ ਜਲੰਧਰ ਸ਼ਹਿਰ ਦੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਜਲੰਧਰੀ ਦਾ ਲਘੂ ਕਹਾਣੀਆਂ ਦਾ ਸੰਗ੍ਰਹਿ, 'ਜ਼ਿੰਦਗੀ ਆਸਪਾਸ', 2019 ਵਿੱਚ ਰਿਲੀਜ਼ ਹੋਇਆ। ਉਹਨਾਂ ਨੇ ਕੁਝ ਬਾਲੀਵੁੱਡ ਫਿਲਮਾਂ ਲਈ ਸਕ੍ਰਿਪਟਾਂ ਵੀ ਲਿਖੀਆਂ।
ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਸਾਹਿਤ ਜਗਤ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਸੋਗ ਵਿੱਚ ਹਨ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਕਰੀਬੀ ਰਹੇ ਅਤੇ ਸਾਹਿਤ ਜਗਤ ਨਾਲ ਲੰਮੀ ਸਾਂਝ ਰੱਖਣ ਵਾਲੇ ਦੀਪਕ ਜਲੰਧਰੀ ਨੇ ਜਲੰਧਰ ਹੀ ਨਹੀਂ ਸਗੋਂ ਦੇਸ਼ ਦੇ ਇਤਿਹਾਸ 'ਤੇ ਵੀ ਕਈ ਪੁਸਤਕਾਂ ਲਿਖੀਆਂ। ਜਲੰਧਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸੈਣੀ ਜੋ ਲੰਬੇ ਸਮੇਂ ਤੋਂ ਦੀਪਕ ਜਲੰਧਰ ਦੇ ਨਾਲ ਸਨ, ਦਾ ਕਹਿਣਾ ਹੈ ਕਿ ਦੀਪਕ ਜਲੰਧਰ ਦਾ ਜਲੰਧਰ ਪ੍ਰਤੀ ਦਰਦ ਉਨ੍ਹਾਂ ਦੀਆਂ ਕਿਤਾਬਾਂ ਵਿਚ ਝਲਕਦਾ ਹੈ। ਉਸ ਦਾ ਕਹਿਣਾ ਹੈ ਕਿ ਦੀਪਕ ਜਲੰਧਰੀ ਨੇ ਕਈ ਵਾਰ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਸਰਕਾਰ ਤੱਕ ਵਿਅੰਗਮਈ ਢੰਗ ਨਾਲ ਆਵਾਜ਼ ਉਠਾਈ ਹੈ।
ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿੱਜ, ਪ੍ਰਾਚੀਨ ਸ਼ਿਵ ਮੰਦਰ ਡੋਮੋਰੀਆ ਪੁਲ ਦੇ ਪ੍ਰਧਾਨ ਯਾਦਵ ਖੋਸਲਾ ਸਮੇਤ ਕਈ ਪਤਵੰਤਿਆਂ ਨੇ ਦੀਪਕ ਜਲੰਧਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |