ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਸਕਦੇ ਹਨ 'ਦ ਗ੍ਰੇਟ ਖ਼ਲੀ'

ਮਸ਼ਹੂਰ ਰੈਸਲਰ 'ਦ ਗ੍ਰੇਟ ਖ਼ਲੀ' ਦਲੀਪ ਸਿੰਘ ਰਾਣਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ।
ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਸਕਦੇ ਹਨ 'ਦ ਗ੍ਰੇਟ ਖ਼ਲੀ'

ਮਸ਼ਹੂਰ ਰੈਸਲਰ 'ਦ ਗ੍ਰੇਟ ਖ਼ਲੀ' ਦਲੀਪ ਸਿੰਘ ਰਾਣਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਗੱਲ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਟਵੀਟ ਕਰਕੇ ਦਿੱਤੀ। ਕੇਜਰੀਵਾਲ ਨੇ ਪੰਜਾਬੀ ਵਿੱਚ ਟਵੀਟ ਕਰਕੇ ਪੰਜਾਬੀਆਂ ਨੂੰ ਸਿੱਧਾ ਸੰਬੋਧਨ ਹੋਣ ਦਾ ਸੰਦੇਸ਼ ਦਿੱਤਾ ਹੈ। ਪੰਜਾਬੀ 'ਚ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। ਕੇਜਰੀਵਾਲ ਨੇ ਇਹ ਟਵੀਟ ਕਰਕੇ ਸਿਆਸੀ ਪਾਰਟੀਆਂ ਵਿੱਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।

ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੀਆਂ ਸਿਆਸੀ ਸਰਗਰਮੀਆਂ 'ਤੇ ਨਜ਼ਰਾਂ ਰੱਖ ਰਹੇ ਹਨ। ਪੰਜਾਬ 'ਚ ਮਸ਼ਹੂਰ ਚਿਹਰਿਆਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਅਤੇ ਭਵਿੱਖਮੁਖੀ ਰਣਨੀਤੀਆਂ ਬਾਰੇ ਜਾਣਕਾਰੀ ਦੇਣ ਦਾ ਕੋਈ ਮੌਕਾ ਕੇਜਰੀਵਾਲ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ।

ਇਸ ਤੋਂ ਪਹਿਲਾਂ ਕੇਜਰੀਵਾਲ ਸੋਨੂੰ ਸੂਦ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।ਬੇਸ਼ੱਕ ਸੋਨੂੰ ਸੂਦ ਨੇ ਖ਼ੁਦ ਸਿਆਸਤ 'ਚ ਆਉਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਨਾਲ ਹੀ ਆਪਣੀ ਭੈਣ ਮਾਲਵਿਕਾ ਨੂੰ ਚੋਣ ਲੜਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਹਾਲੇ ਤੱਕ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਸੋਨੂੰ ਸੂਦ ਦੀ ਭੈਣ ਕਿਸ ਪਾਰਟੀ ਵੱਲੋਂ ਚੋਣ ਲੜੇਗੀ ਪਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ 20 ਨਵੰਬਰ ਨੂੰ ਮੋਗਾ ਵਿਖੇ ਆ ਰਹੇ ਕੇਜਰੀਵਾਲ ਸੋਨੂੰ ਸੂਦ ਦੀ ਭੈਣ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਦਾ ਐਲਾਨ ਕਰ ਸਕਦੇ ਹਨ।ਹਾਲਾਂਕਿ ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿਉਂਕਿ ਕੁਝ ਦਿਨ ਪਹਿਲਾਂ ਸੋਨੂੰ ਸੂਦ ਮੁੱਖ ਮੰਤਰੀ ਚੰਨੀ ਨੂੰ ਵੀ ਮਿਲ ਚੁੱਕੇ ਹਨ ਅਤੇ ਦੋਵਾਂ ਮੁੱਖ ਮੰਤਰੀਆਂ ਚਰਨਜੀਤ ਚੰਨੀ ਤੇ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਤਾਰੀਫ਼ ਕਰ ਚੁੱਕੇ ਹਨ। ਜੇਕਰ ਸੋਨੂੰ ਸੂਦ ਦੀ ਭੈਣ 'ਆਪ' 'ਚ ਸ਼ਾਮਲ ਹੁੰਦੀ ਹੈ ਤਾਂ ਮੋਗਾ ਹਲਕਾ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ।

Related Stories

No stories found.
logo
Punjab Today
www.punjabtoday.com