
ਕਿਸਾਨਾਂ ਦਾ ਰੋਸ਼ ਸਰਕਾਰਾਂ ਖਿਲਾਫ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਅੱਜ 3 ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਾ ਵਿਰੋਧ ਮੁਸ਼ਤਰਕਾ ਮਲਕਣ ਜ਼ਮੀਨਾਂ ਲਈ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਕੀਤੀ ਗਈ ਸੋਧ ਵਿਰੁੱਧ ਹੈ। ਅੰਮ੍ਰਿਤਸਰ 'ਚ ਕਿਸਾਨ ਵੱਲਾ ਫਾਟਕ 'ਤੇ ਇਕੱਠੇ ਹੋ ਕੇ ਪਟੜੀ 'ਤੇ ਬੈਠਣਗੇ। ਇਸ ਕਾਰਨ 28 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਇਸ ਐਕਟ ਵਿੱਚ ਸੋਧ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਨਿੱਜੀ ਵੱਡੇ ਘਰਾਣਿਆਂ ਨੂੰ ਦੇ ਸਕਦੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਵਜੇ ਵੱਲਾ ਫਾਟਕ ਨੇੜੇ ਇਕੱਠੇ ਹੋਣਗੇ। ਕਿਸਾਨ 12 ਵਜੇ ਰੇਲਵੇ ਟ੍ਰੈਕ 'ਤੇ ਬੈਠਣਗੇ ਅਤੇ ਕਰੀਬ 3 ਵਜੇ ਤੱਕ ਸੂਬਾ ਅਤੇ ਕੇਂਦਰ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦਾ ਗੁੱਸਾ ਕੇਂਦਰ ਵਿਰੁੱਧ ਸੀ, ਪਰ ਹੁਣ ਪੰਜਾਬ ਸਰਕਾਰ ਵੀ ਉਸੇ ਰਾਹ ’ਤੇ ਚੱਲ ਰਹੀ ਹੈ।
ਸਰਕਾਰ ਨੇ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਸੋਧ ਕੀਤੀ ਹੈ। ਇਸ ਤਹਿਤ ਮੁਸ਼ਤਰਕਾ ਮਲਕਣ ਵਾਲੀ ਜ਼ਮੀਨ ਦੀ ਮਲਕੀਅਤ ਪੰਚਾਇਤ ਨੂੰ ਦੇਣ ਦੀ ਤਿਆਰੀ ਚੱਲ ਰਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਪਿੰਡਾਂ ਵਿੱਚ ਪੰਚਾਇਤਾਂ ਉਨ੍ਹਾਂ ਵੱਲੋਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸੂਬੇ ਵਿੱਚ ਸਰਕਾਰ ਹੈ। ਅਜਿਹੇ 'ਚ ਜੇਕਰ ਪੰਚਾਇਤਾਂ ਨੂੰ ਮੁਸ਼ਤਰਕਾ ਮਲਕਣ ਦੀਆਂ ਜ਼ਮੀਨਾਂ ਦਾ ਹੱਕ ਮਿਲ ਜਾਵੇਗਾ ਤਾਂ ਉਹ ਸਿੱਧੇ ਤੌਰ 'ਤੇ ਆਪਣੀ ਮਰਜ਼ੀ ਨਾਲ ਕੰਮ ਕਰਨ ਲੱਗ ਪੈਣਗੀਆਂ।
ਸਾਫ਼ ਹੈ ਕਿ ਸਰਕਾਰਾਂ ਪਿੰਡਾਂ ਦੇ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣਗੀਆਂ, ਪਰ ਇਹ ਕਿਸਾਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਣਗੀਆਂ। ਬਿਜਲੀ ਅਲਾਟਮੈਂਟ ਐਕਟ ਵਿੱਚ ਕੀਤੀ ਗਈ ਸੋਧ ਦਾ ਵੀ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਬਿਜਲੀ ਦੀ ਵੰਡ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ। ਹੌਲੀ-ਹੌਲੀ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਖੋਹ ਲਈਆਂ ਜਾਣਗੀਆਂ।
ਬਿਜਲੀ ਵੰਡ ਦਾ ਅਧਿਕਾਰ ਸੂਬਾ ਸਰਕਾਰ ਦੇ ਹੱਥਾਂ ਵਿੱਚ ਹੈ, ਪਰ ਕੇਂਦਰ ਸਰਕਾਰ ਉਨ੍ਹਾਂ ਤੋਂ ਇਹ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਵਲੋਂ ਗੱਡੀਆਂ ਰੋਕੇ ਜਾਣ ਕਾਰਨ ਮੁੱਖ ਰੇਲ ਗੱਡੀਆਂ ਜਿਵੇਂ ਸ਼ਾਨ-ਏ-ਪੰਜਾਬ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਮੁੰਬਈ ਅੰਮ੍ਰਿਤਸਰ, ਜੰਮੂ ਤਵੀ, ਸੱਚਖੰਡ ਸਾਹਿਬ ਆਦਿ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਰੇਲਵੇ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 28 ਦੇ ਕਰੀਬ ਰੇਲ ਗੱਡੀਆਂ ਪਟੜੀ 'ਤੇ ਬੈਠੇ ਕਿਸਾਨਾਂ ਕਾਰਨ ਪ੍ਰਭਾਵਿਤ ਹੋਣਗੀਆਂ ।