ਪੰਜਾਬ ਕਾਂਗਰਸ ਤੋਂ ਬਾਗ਼ੀ ਨੇਤਾ ਸਭ ਤੋਂ ਜ਼ਿਆਦਾ ਬੀਜੇਪੀ ਵਲ ਰੁੱਖ ਕਰ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਨੂੰ ਝਟਕਾ ਦਿੰਦੇ ਹੋਏ, ਇਸ ਦੇ ਦੋ ਮੌਜੂਦਾ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਫਤਿਹ ਜੰਗ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕ ਹਨ।
ਬਾਜਵਾ ਕਾਦੀਆਂ ਤੋਂ ਮੌਜੂਦਾ ਵਿਧਾਇਕ ਹਨ, ਜਦਕਿ ਲਾਡੀ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਹਨ। ਦੋਵੇਂ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੋਵਾਂ ਆਗੂਆਂ ਨੇ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ।ਫਤਿਹ ਜੰਗ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਹਨ।
ਇਸ ਦੇ ਨਾਲ ਹੀ ਲਾਡੀ ਵੀ ਬਾਜਵਾ ਡੇਰੇ ਨਾਲ ਸਬੰਧਤ ਹੈ। ਦੋਵੇਂ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਹਫ਼ਤੇ ਹੋਈਆਂ ਸਿਆਸੀ ਰੈਲੀਆਂ ਵਿੱਚ ਇਨ੍ਹਾਂ ਦੋਵਾਂ ਵਿਧਾਇਕਾਂ ਦੀ ਉਮੀਦਵਾਰੀ ਦਾ ਜ਼ੋਰਦਾਰ ਸਮਰਥਨ ਕੀਤਾ ਸੀ।ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਦੀਆਂ ਤੋਂ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜ਼ਾਹਰ ਕਰਨ ਤੋਂ ਫਤਹਿ ਜੰਗ ਨਾਰਾਜ਼ ਹੋ ਗਏ ਸਨ।
ਪ੍ਰਤਾਪ ਨਾਲ ਇਸ ਵਿਵਾਦ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਫਤਿਹ ਜੰਗ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਹਲਕੇ 'ਚ ਦੋਵਾਂ ਭਰਾਵਾਂ ਵਿਚਾਲੇ ਚੋਣ ਲੜਾਈ ਹੋ ਸਕਦੀ ਹੈ ਕਿਉਂਕਿ ਕਥਿਤ ਤੌਰ 'ਤੇ ਪ੍ਰਤਾਪ ਬਾਜਵਾ ਇੱਥੋਂ ਚੋਣ ਲੜਨ ਦੇ ਇੱਛੁਕ ਹਨ। ਦੱਸ ਦੇਈਏ ਕਿ ਫਤਿਹ ਜੰਗ ਅਤੇ ਲਾਡੀ ਦੋਵੇਂ ਪਹਿਲੀ ਵਾਰ ਵਿਧਾਇਕ ਬਣੇ ਹਨ।
ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਅਤੇ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਬੱਲੂਆਣਾ ਤੋਂ ਵਿਧਾਇਕ ਗੁਰਤੇਜ ਸਿੰਘ ਗੁਧਿਆਣਾ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਰਾਜਦੇਵ ਖਾਲਸਾ, ਯੂਨਾਈਟਿਡ ਕ੍ਰਿਸਚੀਅਨ ਫਰੰਟ ਪੰਜਾਬ ਦੇ ਪ੍ਰਧਾਨ ਕਮਲ ਬਖਸ਼ੀ, ਨਿਹਾਲ ਸਿੰਘ ਵਾਲਾ ਨਗਰ ਨਿਗਮ ਦੇ ਮੈਂਬਰ ਜਗਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਏਡੀਸੀ ਅਤੇ ਐਡਵੋਕੇਟ ਮਧੂਮੀਤ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ।