ਪੰਜਾਬ 'ਚ ਸਾਰੀਆਂ ਹੀ ਪਾਰਟੀਆਂ ਨੇ ਜਲੰਧਰ ਲੋਕ ਸਭਾ ਉਪ ਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਖਿੱਚ ਲਈ ਹੈ। ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਸੋਮਵਾਰ ਨੂੰ ਜਲੰਧਰ ਪਹੁੰਚੇ ਅਤੇ ਕਾਂਗਰਸ, 'ਆਪ', ਅਕਾਲੀ ਦਲ ਅਤੇ ਬਸਪਾ ਦੇ ਕਈ ਨੇਤਾਵਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ।
ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਤੇ ਉਨ੍ਹਾਂ ਨੇ ਖੁਦ ਹਸਤਾਖਰ ਕੀਤੇ ਹਨ, ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕੋਈ ਸੂਚੀ ਮੁਹੱਈਆ ਨਹੀਂ ਕਰਵਾਈ, ਜਿਸ ਨਾਲ ਪਤਾ ਲੱਗ ਸਕੇ ਕਿ ਕਿੰਨੇ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ, ਜੋ ਜੇਲ ਵਿੱਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦ ਹਨ।
ਗਜੇਂਦਰ ਸਿੰਘ ਸ਼ੇਖਾਵਤ, ਸਾਬਕਾ ਕਾਂਗਰਸੀ ਕੌਂਸਲਰ ਵਿਪਨ ਕੁਮਾਰ, ਕਾਂਗਰਸੀ ਆਗੂ ਮੇਜਰ ਸਿੰਘ, ਅਕਾਲੀ ਦਲ ਦੇ ਸੇਠ ਸਤਪਾਲ ਮੱਲ, 'ਆਪ' ਆਗੂ ਡਾ. ਸ਼ਿਵ ਦਿਆਲ ਮਾਲੀ, ਬਸਪਾ ਆਗੂ ਅਨਿਲ ਮੀਨੀਆ, ਕਾਂਗਰਸੀ ਆਗੂ ਮਨੋਜ ਅਗਰਵਾਲ, ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ ਅਤੇ ਲੋਕ ਭਾਜਪਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵਿੱਚ ਲੋਕਾਂ ਦੀ ਵੱਧ ਰਹੀ ਆਮਦ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਸਥਾਨਕ ਚੋਣਾਂ ਵਿੱਚ ਭਾਜਪਾ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਜਨ ਆਧਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹੁਣ ਪਿੰਡਾਂ ਵਿੱਚ ਤਬਦੀਲੀ ਦੀ ਲਹਿਰ ਚੱਲ ਰਹੀ ਹੈ। ਬਦਲਾਅ ਦੀ ਇਸ ਲਹਿਰ ਵਿੱਚ ‘ਆਪ’ ਦੇ ਧੋਖੇ ਦਾ ਸ਼ਿਕਾਰ ਹੋਏ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਯੂਥ ਪ੍ਰਧਾਨ ਪੰਕਜ ਜੁਲਕਾ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਸੁਭਾਸ਼ ਸ਼ਰਮਾ, ਜੀਵਨ ਗੁਪਤਾ ਆਦਿ ਹਾਜ਼ਰ ਸਨ। ਸ਼ੇਖਾਵਤ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 'ਆਪ' ਦੇ ਕਈ ਨੇਤਾ ਭਾਜਪਾ 'ਚ ਸ਼ਾਮਲ ਹੋਣ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਦੂਜੇ ਪਾਸੇ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ‘ਆਪ’ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਜੋ ਕਦੇ ਭਾਜਪਾ ਦੇ ਆਗੂ ਰਹੇ ਹਨ, ਉਨ੍ਹਾਂ ਦੇ ਕਈ ਕੌਂਸਲਰ ਅਤੇ ਭਾਜਪਾ ਦੇ ਕਈ ਆਗੂ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ‘ਆਪ’ ਵਿੱਚ ਜਾਣ ਵਾਲੇ ਕਈ ਆਗੂਆਂ ਦੀ ਸੂਚੀ ਤਿਆਰ ਹੈ। ਇਸ 'ਤੇ ਸ਼ੇਖਾਵਤ ਨੇ ਕਿਹਾ ਕਿ ਮੇਰੇ ਕੋਲ ਵੀ ਲਿਸਟ ਹੈ, ਮੈਂ ਇਸ ਨੂੰ ਮੀਡੀਆ ਰਾਹੀਂ ਜਾਰੀ ਨਹੀਂ ਕਰਾਂਗਾ, ਪਰ ਸਾਡੀ ਸੂਚੀ ਵੀ ਤਿਆਰ ਹੈ, ਜੋ ਜਲਦੀ ਹੀ ਸਾਰਿਆਂ ਦੇ ਸਾਹਮਣੇ ਹੋਵੇਗੀ। ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ 'ਚ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੂੰ 'ਆਪ' 'ਚ ਸ਼ਾਮਲ ਕਰ ਲਿਆ ਹੈ, ਜਿਨ੍ਹਾਂ 'ਚ ਕਈ ਪ੍ਰਮੁੱਖ ਕਾਰਪੋਰੇਟਰ ਵੀ ਸ਼ਾਮਲ ਹਨ।