ਭਗਵੰਤ ਮਾਨ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਗਲਤ : ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਯੂਐੱਸ ਵਿੱਚ ਭਾਰਤ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਖਾਲਿਸਤਾਨ ਸਮਰਥਕਾਂ ਵੱਲੋਂ ਸੀਐੱਮ ਮਾਨ ਦੀ ਧੀ ਨੂੰ ਧਮਕੀਆਂ ਦੇਣ ਅਤੇ ਦੁਰਵਿਵਹਾਰ ਕਰਨ ਦੀ ਘਟਨਾ ਨੂੰ ਮੂਰਖਤਾ ਵਾਲੀ ਕਾਰਵਾਈ ਕਰਾਰ ਦਿੱਤਾ ਹੈ।
ਭਗਵੰਤ ਮਾਨ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ  ਗਲਤ : ਗਿਆਨੀ ਹਰਪ੍ਰੀਤ ਸਿੰਘ

ਪਿੱਛਲੇ ਦਿਨੀ ਅਮਰੀਕਾ ਵਿਚ ਭਗਵੰਤ ਮਾਨ ਦੀ ਧੀ ਨੂੰ ਫੋਨ 'ਤੇ ਧਮਕੀ ਮਿਲੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਭਾਰਤ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਖਾਲਿਸਤਾਨ ਸਮਰਥਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨੂੰ ਧਮਕੀਆਂ ਦੇਣ ਅਤੇ ਦੁਰਵਿਵਹਾਰ ਕਰਨ ਦੀ ਘਟਨਾ ਨੂੰ ਮੂਰਖਤਾ ਵਾਲੀ ਕਾਰਵਾਈ ਕਰਾਰ ਦਿੱਤਾ ਹੈ।

ਉਨ੍ਹਾਂ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਬੱਚਿਆਂ ਨਾਲ ਦੁਰਵਿਵਹਾਰ ਕਰਨਾ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਮੂਰਖਤਾ ਹੈ, ਬੱਚੇ ਮਾਸੂਮ ਹਨ। ਉਨ੍ਹਾਂ ਕਿਹਾ ਕਿ ਜਜ਼ਬਾਤ 'ਚੋਂ ਕੱਢਿਆ ਗਿਆ ਕਦਮ ਕਦੇ ਵੀ ਫਲਦਾਇਕ ਨਹੀਂ ਹੋ ਸਕਦਾ। ਇਕ ਇੰਟਰਵਿਊ 'ਚ ਜਥੇਦਾਰ ਨੇ ਇਹ ਵੀ ਕਿਹਾ ਕਿ ਭਾਰਤੀ ਦੂਤਾਵਾਸਾਂ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ ਵੀ ਗਲਤ ਹਨ। ਜੇਕਰ ਪ੍ਰਦਰਸ਼ਨ ਕਰਨਾ ਹੈ ਤਾਂ ਕੁਝ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ, ਜੋ ਲਾਭਕਾਰੀ ਹੋਣ। ਮੌਜੂਦਾ ਹਰਕਤਾਂ ਨਾਲ ਅਸੀਂ ਵਿਰੋਧੀਆਂ ਨੂੰ ਸਾਡੇ ਵਿਰੁੱਧ ਪ੍ਰਚਾਰ ਕਰਨ ਦਾ ਮੌਕਾ ਦੇ ਰਹੇ ਹਾਂ।

ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਸਮਝ ਤੋਂ ਬਾਹਰ ਹੈ। ਇਸ ਵਿੱਚ ਜ਼ਰੂਰ ਕੋਈ ਸਿਆਸਤ ਹੋ ਸਕਦੀ ਹੈ। ਕਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਦੇ ਸ਼੍ਰੀ ਦਮਦਮਾ ਸਾਹਿਬ ਤੇ ਸਮਰਪਣ ਦੀ ਗੱਲ ਹੁੰਦੀ ਹੈ, ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਹ ਖੁਲਾਸਾ ਹੋਇਆ ਸੀ ਕਿ ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਸਨ ਅਤੇ ਗਾਲੀ-ਗਲੋਚ ਵੀ ਕੀਤਾ ਸੀ।

ਮਾਨ ਦੀ ਸਾਬਕਾ ਪਤਨੀ ਨੇ ਫੇਸਬੁੱਕ 'ਤੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਬੇਟੀ ਸੀਰਤ ਅਤੇ ਬੇਟੇ ਦਿਲਸ਼ਾਨ ਸਿੰਘ ਦਾ ਅਮਰੀਕਾ ਦੇ ਇਕ ਗੁਰਦੁਆਰੇ 'ਚ ਘਿਰਾਓ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਆਪਣੇ ਕੁਝ ਸੰਦੇਸ਼ਾਂ ਨੂੰ ਡਿਲੀਟ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਵੀ ਸਰਕਾਰਾਂ ਗਲਤ ਹੁੰਦੀਆਂ ਹਨ ਤਾਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਮੇਰੇ ਇੱਕ ਸੰਦੇਸ਼ ਨੂੰ ਮਿਟਾ ਕੇ ਸਿੱਖ ਕੌਮ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਲੱਖਾਂ ਨੌਜਵਾਨਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ। ਮੇਰੇ ਭਾਈਚਾਰੇ ਦੇ ਕਰੋੜਾਂ ਲੋਕ ਮੇਰੀ ਆਵਾਜ਼ ਹਨ। ਮੈਸੇਜ ਡਿਲੀਟ ਕਰਨ ਨਾਲ ਹੱਕ ਦੀ ਆਵਾਜ਼ ਬੰਦ ਨਹੀਂ ਹੋਵੇਗੀ।

Related Stories

No stories found.
logo
Punjab Today
www.punjabtoday.com