'ਵਾਰਿਸ ਪੰਜਾਬ ਦੇ' ਮੁੱਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਬੈਨ

ਕੇਂਦਰੀ ਖੁਫੀਆ ਏਜੰਸੀਆਂ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਸੀ।
'ਵਾਰਿਸ ਪੰਜਾਬ ਦੇ' ਮੁੱਖੀ ਅੰਮ੍ਰਿਤਪਾਲ ਸਿੰਘ ਦਾ  ਟਵਿੱਟਰ ਅਕਾਊਂਟ ਬੈਨ

ਦਿੱਲੀ 'ਚ ਕਿਸਾਨ ਮਾਰਚ ਦੌਰਾਨ ਲਾਲ ਕਿਲੇ 'ਤੇ ਸਿੱਖ ਪੰਥ ਦਾ ਝੰਡਾ ਲਹਿਰਾ ਕੇ ਵਿਵਾਦਾਂ 'ਚ ਆਏ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਨੇ ਉਸ ਦਾ 'ਟਵਿਟਰ' ਅਕਾਊਂਟ ਬੰਦ ਕਰ ਦਿੱਤਾ ਹੈ।

ਅੰਮ੍ਰਿਤਪਾਲ ਸਿੰਘ ਦੇ ਟਵਿੱਟਰ 'ਤੇ ਕਰੀਬ 11,000 ਫਾਲੋਅਰਜ਼ ਹਨ। ਦਰਅਸਲ, ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਟਵਿੱਟਰ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਅਦਾਕਾਰ ਦੀਪ ਸਿੱਧੂ ਨੇ ਸਾਲ 2021 'ਚ 'ਵਾਰਿਸ ਪੰਜਾਬ ਦੇ' ਦੀ ਨੀਂਹ ਰੱਖੀ ਸੀ। ਉਨ੍ਹਾਂ ਦੀ ਦੁਰਘਟਨਾ 'ਚ ਮੌਤ ਤੋਂ ਬਾਅਦ ਜਥੇਦਾਰ ਦਾ ਅਹੁਦਾ ਖਾਲੀ ਹੋ ਗਿਆ ਸੀ।

ਅੰਮ੍ਰਿਤਪਾਲ ਨੂੰ ਹੁਣ ਇਸ ਦੀ ਕਮਾਨ ਸੌਂਪੀ ਗਈ ਸੀ। ਅੰਮ੍ਰਿਤਪਾਲ ਦੋ ਮਹੀਨੇ ਪਹਿਲਾਂ ਹੀ ਦੁਬਈ ਤੋਂ ਪੰਜਾਬ ਆਇਆ ਸੀ। ਉਸਦਾ ਪਰਿਵਾਰ ਦੁਬਈ ਵਿੱਚ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਸੀ। ਅੰਮ੍ਰਿਤਪਾਲ ਦੀ ਬੋਲੀ ਅਤੇ ਵਿਚਾਰਧਾਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਕਾਰਵਾਈ ਕੀਤੀ ਜਾਵੇਗੀ। ਹਿੰਦੂ ਸੰਗਠਨ ਵੀ ਉਸਦੇ ਖਿਲਾਫ ਇੱਕਜੁੱਟ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੰਮ੍ਰਿਤਪਾਲ ਖਾਲਿਸਤਾਨ ਦਾ ਮੁੱਦਾ ਭੜਕਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦੁਬਈ ਨਿਵਾਸੀ ਅੰਮ੍ਰਿਤਪਾਲ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ 'ਤੇ ਪੰਜਾਬ ਵਿੱਚ ਮੁੜ ਖਾਲਿਸਤਾਨ ਦਾ ਮੁੱਦਾ ਭੜਕਾਉਣ ਲਈ ਭੇਜਿਆ ਗਿਆ ਹੈ।

ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਭਾਸ਼ਣ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੇ ਹਨ।

ਵਡਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਪੁਲਿਸ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 'ਵਾਰਿਸ ਪੰਜਾਬ ਦੇ' ਸੰਸਥਾ ਦਾ ਮਕਸਦ ਕੀ ਹੈ ਅਤੇ ਅੰਮ੍ਰਿਤਪਾਲ ਇੱਥੇ ਕਿਵੇਂ ਪਹੁੰਚਿਆ, ਜੋ ਕਿ ਦੁਬਈ 'ਚ ਸੈਟਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਿੰਸਾ ਅਤੇ ਖੂਨ-ਖਰਾਬੇ ਦੇ ਇੱਕ ਹੋਰ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

Related Stories

No stories found.
Punjab Today
www.punjabtoday.com