ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਸਕੂਲ ਵਿੱਚ ਜਗ੍ਹਾ, ਕਮਰਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੋਵੇਗੀ, ਉਨ੍ਹਾਂ ਸਕੂਲਾਂ ਨੂੰ ਹੀ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦੇ ਬਾਰੇ ਵਿੱਚ ਸੋਚਿਆ ਜਾਵੇਗਾ। ‘ਡਬਲ ਸ਼ਿਫ਼ਟ’ ਲਗਾਉਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲ ਜਿੱਥੇ ਵਿਦਿਆਰਥੀਆਂ ਲਈ ਜਰੂਰੀ ਬੁਨਿਆਦੀ ਢਾਂਚੇ ਅਤੇ ਜਗ੍ਹਾ ਨਹੀਂ ਹੈ, ਉਹ ਡਬਲ ਸ਼ਿਫਟ ਵਿੱਚ ਚੱਲਣ ਦਾ ਵਿਚਾਰ ਕਰ ਸਕਦੇ ਹਨ। ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾਂ ਵੱਲੋਂ ਇਸ ਮੁੱਦੇ ਬਾਰੇ ਕਈ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਜਦੋਂ ਡਬਲ ਸ਼ਿਫ਼ਟ ਚਲਾਉਣ ਦਾ ਫ਼ੈਸਲਾ ਸਹੀ ਤਰੀਕੇ ਨਾਲ ਵਿਭਾਗ ਵੱਲੋਂ ਲੈ ਲਿਆ ਜਾਵੇਗਾ ਤਾਂ , ਉੱਥੇ ਇਹ ਤਰਤੀਬ ਰਹੇਗੀ ਕਿ ਪ੍ਰਾਇਮਰੀ ਸਕੂਲਾਂ ਲਈ ਗਰਮੀਆਂ ਵਿੱਚ 1 ਅਪਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫ਼ਟ ਸਕੂਲ ਲੱਗਣਗੇ ਅਤੇ ਸਰਦੀਆਂ ਵਿੱਚ 1 ਅਕਤੂਬਰ ਤੋਂ 31 ਮਾਰਚ ਤੱਕ ਸ਼ਾਮ ਦੀ ਸ਼ਿਫ਼ਟ ਵਿੱਚ ਸਕੂਲ ਲੱਗਣਗੇ। ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਵਿੱਚ ਲੱਗਣਗੇ ਅਤੇ ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਲੱਗਣਗੇ।
ਗਰਮੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ ਸਵੇਰ 7 ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਅਤੇ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਦਾ ਸਮਾਂ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗਾ । ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7.30 ਵਜੇ ਤੋਂ 12.15 ਵਜੇ ਤੱਕ ਅਤੇ ਸ਼ਾਮ ਦੀ ਸ਼ਿਫ਼ਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਇਸ ਦੌਰਾਨ ਸਕੂਲ ਮੁਖੀ ਦੇ ਸਕੂਲ ਵਿਚ ਰੁਕਣ ਦਾ ਸਮਾਂ ਗਰਮੀਆਂ ਵਿੱਚ ਸਵੇਰ 7 ਵਜੇ ਤੋਂ ਇੱਕ ਵਜੇ ਤੱਕ ਹੋਵੇਗਾ ਅਤੇ ਸਰਦੀਆਂ ਵਿੱਚ 7.30 ਤੋਂ 1.30 ਵਜੇ ਤੱਕ ਹੋਵੇਗਾ।
ਦੱਸ ਦਿੱਤਾ ਜਾਵੇ ਕਿ ਗੁਰਮੀਤ ਸਿੰਘ ਮੀਤ ਹੇਅਰ ਜੋਕਿ ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਹਨ, ਨੇ ਪਿਛਲੇ ਦਿਨੀਂ ਮੁਹਾਲੀ ਦੇ ਤਿੰਨ ਸਕੂਲਾਂ ਦਾ ਦੌਰਾ ਕੀਤਾ, ਇੱਕ ਬਿਆਨ ਅਨੁਸਾਰ, ਹੇਅਰ ਨੇ ਕਿਹਾ ਕਿ ਸਿੱਖਿਆ ਖੇਤਰ ਸੂਬਾ ਸਰਕਾਰ ਲਈ ਤਰਜੀਹੀ ਖੇਤਰ ਹੈ ਅਤੇ ਸੂਬੇ ਵਿਚ ਸਕੂਲੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਆਪਣੇ ਇਸ ਦੌਰੇ ਦੌਰਾਨ ਹੇਅਰ ਨੇ ਵਿਦਿਆਰਥੀਆਂ ਤੇ ਸਕੂਲ ਸਟਾਫ ਨਾਲ ਵੀ ਗੱਲਬਾਤ ਕੀਤੀ।ਉਨ੍ਹਾਂ ਨੇ ਖਰੜ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ, ਡੇਰਾਬੱਸੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਜੱਟਾਂ ਅਤੇ ਖਰੜ ਬਲਾਕ ਦੇ ਸਰਕਾਰੀ ਹਾਈ ਸਕੂਲ ਰਸਨਹੇੜੀ ਦਾ ਦੌਰਾ ਕੀਤਾ।