ਪੰਜਾਬ ਦੇ ਸਿੱਖਿਆ ਮੰਤਰੀ ਨੇ ਸਿਖਿਆ ਦੇ ਸੁਧਾਰ ਲਈ ਲਗਾਤਾਰ ਕੰਮ ਕਰਨੇ ਸ਼ੁਰੂ ਕਰ ਦਿਤੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੁਣ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਦੀਆਂ ਕਾਰਨ ਪੰਜਾਬ ਵਿੱਚ 8 ਜਨਵਰੀ ਤੱਕ ਛੁੱਟੀਆਂ ਹਨ। ਇਸ ਦੌਰਾਨ ਕਈ ਅਜਿਹੇ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਨੂੰ ਸਕੂਲ ਖੋਲ੍ਹੇ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ 8 ਜਨਵਰੀ ਤੋਂ ਪਹਿਲਾਂ ਖੁੱਲ੍ਹਣ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਸਕੂਲ ਖੋਲ੍ਹਣ ਲਈ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਧਰ ਰੋਪੜ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵੀ ਰੋਪੜ ਦੇ ਇੱਕ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ। 'ਕਾਰਨ ਦੱਸੋ ਨੋਟਿਸ' ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੇਕਰ 3 ਜਨਵਰੀ ਤੱਕ ਲਿਖਤੀ ਰੂਪ ਵਿੱਚ ਕਾਰਨ ਨਾ ਦਿੱਤਾ ਗਿਆ ਤਾਂ ਇਸ ਨੂੰ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਧਦੀ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 2 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ, ਪਰ ਵਧਦੀ ਠੰਡ ਦੇ ਚੱਲਦਿਆਂ ਛੁੱਟੀਆਂ ਦੀ ਸਮਾਂ ਸੀਮਾ ਵਧਾ ਕੇ 8 ਜਨਵਰੀ ਕਰ ਦਿੱਤੀ ਗਈ ਹੈ। ਛੁੱਟੀ ਦੀ ਘੋਸ਼ਣਾ ਤੋਂ ਬਾਅਦ ,ਸਾਰੇ ਆਂਗਣਵਾੜੀ ਕੇਂਦਰ ਅਤੇ ਰਾਜ ਦੇ ਸਕੂਲ ਆਪਣੇ ਪਹਿਲਾਂ ਨਿਰਧਾਰਤ ਸਮੇਂ 'ਤੇ ਖੋਲ੍ਹੇ ਅਤੇ ਬੰਦ ਕੀਤੇ ਜਾਣਗੇ।
ਰਾਜ ਸਰਕਾਰ ਨੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲ ਸਵੇਰੇ 10 ਵਜੇ ਖੋਲ੍ਹਣ ਦਾ ਫੈਸਲਾ ਕੀਤਾ ਸੀ। ਧੁੰਦ ਕਾਰਨ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ, ਰਾਜ ਸਰਕਾਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 25 ਦਸੰਬਰ 2022 ਤੋਂ 2 ਜਨਵਰੀ 2023 ਤੱਕ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਸੀ। ਪਰ ਫਿਰ 1 ਜਨਵਰੀ ਨੂੰ ਸਕੂਲਾਂ ਦੀਆਂ ਛੁੱਟੀਆਂ ਦੀ ਸਮਾਂ ਸੀਮਾ ਵਧਾ ਕੇ 8 ਜਨਵਰੀ ਕਰ ਦਿੱਤੀ ਗਈ ਹੈ।