ਪੰਜਾਬ ਨੂੰ ਅਪ੍ਰੈਲ 'ਚ ਪਿਛਲੇ ਸਾਲ ਨਾਲੋਂ 22 ਫੀਸਦੀ ਵੱਧ ਮਾਲੀਆ ਮਿਲਿਆ:ਚੀਮਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੈਕਸ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ ਅਤੇ ਆਮਦਨ ਵਿੱਚ ਮੌਜੂਦਾ ਵਾਧਾ ਸਮਾਜ ਦੇ ਕਿਸੇ ਵੀ ਵਰਗ 'ਤੇ ਕੋਈ ਵਾਧੂ ਬੋਝ ਪਾਏ ਬਿਨਾਂ ਹਾਸਲ ਕੀਤਾ ਗਿਆ ਹੈ।
ਪੰਜਾਬ ਨੂੰ ਅਪ੍ਰੈਲ 'ਚ ਪਿਛਲੇ ਸਾਲ ਨਾਲੋਂ 22 ਫੀਸਦੀ ਵੱਧ ਮਾਲੀਆ ਮਿਲਿਆ:ਚੀਮਾ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਾਜ 'ਚ ਪੰਜਾਬ ਤਰੱਕੀ ਦੀ ਰਾਹ 'ਤੇ ਹੈ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਸੂਬੇ ਨੇ ਅਪ੍ਰੈਲ 2022 ਦੇ ਮੁਕਾਬਲੇ ਅਪ੍ਰੈਲ 2023 ਦੌਰਾਨ ਆਪਣੇ ਟੈਕਸ ਮਾਲੀਏ ਵਿੱਚ 22 ਫੀਸਦੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਅਨੁਮਾਨਾਂ ਅਨੁਸਾਰ ਸੂਬੇ ਨੇ ਅਪ੍ਰੈਲ 2023 ਦੌਰਾਨ 3988.23 ਕਰੋੜ ਰੁਪਏ ਆਪਣੇ ਟੈਕਸਾਂ ਤੋਂ ਇਕੱਠੇ ਕੀਤੇ, ਜਦਕਿ ਅਪ੍ਰੈਲ 2022 ਦੌਰਾਨ 3275.85 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐਸ.ਟੀ.), ਸਟੇਟ ਐਕਸਾਈਜ਼ ਅਤੇ ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਇਕੱਤਰ ਹੋਣ ਵਾਲੇ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਵੱਲੋਂ ਇੰਟੈਗਰੇਟਿਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (ਆਈ.ਐੱਫ.ਐੱਮ.ਐੱਸ.) ਰਾਹੀਂ ਕੁੱਲ ਟੈਕਸ ਉਗਰਾਹੀ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਅੰਤਿਮ ਅੰਕੜਿਆਂ 'ਚ ਮਾਮੂਲੀ ਬਦਲਾਅ ਹੋ ਸਕਦਾ ਹੈ।

ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਜੀ.ਐੱਸ.ਟੀ 'ਚ ਸਭ ਤੋਂ ਵੱਧ 483 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਪ੍ਰੈਲ 2022 ਦੌਰਾਨ, ਕੁੱਲ ਜੀ.ਐੱਸ.ਟੀ ਦੀ ਆਮਦਨ 1532 ਕਰੋੜ ਰੁਪਏ ਰਹੀ ਜਦਕਿ ਇਸ ਸਾਲ ਇਹ ਅੰਕੜਾ 2015 ਕਰੋੜ ਰੁਪਏ ਰਿਹਾ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਮਾਲੀਆ ਅਪ੍ਰੈਲ 2022 ਦੇ 564.64 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ 216.48 ਕਰੋੜ ਰੁਪਏ ਵਧ ਕੇ 781.12 ਕਰੋੜ ਰੁਪਏ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਟੈਂਪਾਂ ਅਤੇ ਰਜਿਸਟ੍ਰੇਸ਼ਨਾਂ ਤੋਂ ਪ੍ਰਾਪਤ ਮਾਲੀਆ ਵੀ 441.35 ਕਰੋੜ ਰੁਪਏ ਰਿਹਾ ਜੋ ਅਪ੍ਰੈਲ 2022 ਵਿੱਚ 355.4 ਕਰੋੜ ਰੁਪਏ ਦੇ ਮੁਕਾਬਲੇ ਇਸ ਅਪ੍ਰੈਲ ਮਹੀਨੇ ਵਿੱਚ 85.95 ਕਰੋੜ ਰੁਪਏ ਦੇ ਵਾਧੇ ਨਾਲ ਸੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਪ੍ਰਸ਼ਾਸਨ ਅਤੇ ਪ੍ਰਣਾਲੀਆਂ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆ ਕੇ ਸੂਬੇ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਟੈਕਸ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ ਅਤੇ ਆਮਦਨ ਵਿੱਚ ਮੌਜੂਦਾ ਵਾਧਾ ਸਮਾਜ ਦੇ ਕਿਸੇ ਵੀ ਵਰਗ 'ਤੇ ਕੋਈ ਵਾਧੂ ਬੋਝ ਪਾਏ ਬਿਨਾਂ ਹਾਸਲ ਕੀਤਾ ਗਿਆ ਹੈ।

Related Stories

No stories found.
logo
Punjab Today
www.punjabtoday.com