ਅਮ੍ਰਿਤਪਾਲ ਅੱਜ ਇਕ ਹਫਤਾ ਗੁਜਰਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਸਰਕਾਰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਗੰਭੀਰ ਨਹੀਂ ਹੈ। ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪੰਜਾਬ ਪੁਲਿਸ ਨੂੰ ਪੰਜਾਬ ਤੋਂ ਸ਼ਾਹਬਾਦ ਪੁੱਜਣ ਵਿੱਚ ਡੇਢ ਦਿਨ ਲੱਗ ਗਿਆ।
ਅਨਿਲ ਵਿੱਜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਫੜਨ ਲਈ ਗੰਭੀਰ ਹੈ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਢਿੱਲੀ ਹੈ। ਸਾਰੀ ਪੁਲਿਸ ਜਲੰਧਰ ਵਿਚ ਅਮ੍ਰਿਤਪਾਲ ਦੀ ਭਾਲ ਕਰ ਰਹੀ ਸੀ ਅਤੇ ਉਹ ਸ਼ਾਹਬਾਦ (ਹਰਿਆਣਾ) ਵਿਚ ਬੈਠ ਕੇ ਰੋਟੀ ਖਾ ਰਿਹਾ ਸੀ। ਇੰਦੌਰ 'ਚ ਸੁੱਖਾ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਵਿਅਕਤੀ ਨੂੰ ਕੁਰੂਕਸ਼ੇਤਰ ਤੋਂ ਫੜੀ ਗਈ ਔਰਤ ਬਲਜੀਤ ਕੌਰ ਦੇ ਫੋਨ ਤੋਂ ਫੋਨ ਕੀਤਾ ਗਿਆ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁੱਖਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇੰਦੌਰ ਸ਼ਿਫਟ ਹੋਇਆ ਸੀ। ਜ਼ਿਕਰਯੋਗ ਹੈ ਕਿ 19 ਮਾਰਚ ਦੀ ਰਾਤ ਨੂੰ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਸ਼ਾਹਾਬਾਦ 'ਚ ਮਹਿਲਾ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਉਸ ਦੀਆਂ ਸ਼ਾਹਬਾਦ ਅਤੇ ਕੁਰੂਕਸ਼ੇਤਰ ਬੱਸ ਸਟੈਂਡ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੂਜੇ ਪਾਸੇ ਪੁਲਿਸ ਨੇ ਅੰਮ੍ਰਿਤਪਾਲ ਦੀ ਉਤਰਾਖੰਡ ਵਿੱਚ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਛਾਪੇਮਾਰੀ ਕੀਤੀ ਗਈ । ਸੂਤਰਾਂ ਅਨੁਸਾਰ ਇੱਥੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਪਿਛਲੇ ਇੱਕ ਸਾਲ ਤੋਂ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਸੀ। ਇੰਨਾ ਹੀ ਨਹੀਂ ਉਹ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਇਕ ਵਾਰ ਪੰਜਾਬ ਵੀ ਆਈ ਸੀ।
ਇਹ ਔਰਤ ਲੰਬੇ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਦੀਆਂ ਪੋਸਟਾਂ ਨੂੰ ਲਗਾਤਾਰ ਸ਼ੇਅਰ ਕਰਦੀ ਸੀ। ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ, ਇਸ ਬਾਰੇ ਪੁਲਸ ਨੇ ਅਜੇ ਕੁਝ ਸਾਫ ਨਹੀਂ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ-ਨਾਲ ਪੱਪਲਪ੍ਰੀਤ ਸਿੰਘ ਖ਼ਿਲਾਫ਼ ਵੀ ਚਾਰ ਕੇਸ ਦਰਜ ਹਨ। ਪੁਲਿਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਹੁਣ ਪੱਪਲਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।