ਦਿੱਲੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਦਿੱਤੀਆਂ ਜਾ ਰਹੀਆਂ ਗਾਰੰਟੀਆਂ 'ਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਕੇਜਰੀਵਾਲ ਸਾਬ੍ਹ ਗਾਰੰਟੀਆਂ ਨੂੰ ਪੂਰਾ ਕਰਨ ਲਈ ਪੈਸੇ ਦਾ ਇਤਜ਼ਾਮ ਕਿਵੇਂ ਕਰਨਗੇ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਚੰਨੀ ਦੇ ਸੱਜੇ ਹੱਥ ਟ੍ਰਾਂਸਪੋਰਟ ਮਾਫ਼ੀਆ ਅਤੇ ਖੱਬੇ ਹੱਥ ਰੇਤ ਮਾਫ਼ੀਆ ਬੈਠਾ ਹੁੰਦਾ ਹੈ। ਮੈਂ ਉਨ੍ਹਾਂ ਦੋਹਾਂ ਨੂੰ ਖ਼ਤਮ ਕਰ ਕੇ ਉਹ ਪੈਸਾ ਜਨਤਾ ਦੀਆਂ ਸਹੂਲਤਾਂ ਲਈ ਦੇਵਾਂਗਾ।
ਕੇਜਰੀਵਾਲ ਨੇ ਇਕ ਰਿਪੋਰਟਰ ਨਾਲ ਗੱਲਬਾਤ ਕਰਦੇ ਦੱਸਿਆ ਕਿ , ਜਿਸ ’ਚ ਉਨ੍ਹਾਂ ਨੇ ਖ਼ਾਲੀ ਖ਼ਜ਼ਾਨਾ ਭਰਨ ਦਾ ਨੁਕਤਾ ਦੱਸਿਆ ਅਤੇ ਇਸ ਨੂੰ ਖ਼ਾਲੀ ਕਰਨ ਵਾਲਿਆਂ ਦੀ ਜਾਂਚ ਦੀ ਗੱਲ ਕੀਤੀ। ਜਦੋਂ ਅਰਵਿੰਦ ਕੇਜਰੀਵਾਲ ਨੂੰ ਗਾਰੰਟੀਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਉਣ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਖ਼ਜ਼ਾਨਾ ਭਰਨਾ ਆਉਂਦਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹ ਵਿਧਾਇਕਾਂ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣਗੇ ਅਤੇ ਪੜਤਾਲ ਕਰਨਗੇ ਕਿ ਇਕ ਵਿਧਾਇਕ 10-15 ਸਾਲ ’ਚ ਹੀ ਕਰੋੜਪਤੀ ਕਿਵੇਂ ਬਣ ਜਾਂਦਾ ਹੈ।
ਚੰਨੀ ਸਿਰਫ਼ ਐਲਾਨ ਕਰਦੇ ਹਨ ਲਾਗੂ ਨਹੀਂ ਕਰਦੇ,
ਕੇਜਰੀਵਾਲ ਦਾ ਕਹਿਣਾ ਹੈ ਕਿ ਚੰਨੀ ਹਰ ਗੱਲ ਦਾ ਐਲਾਨ ਤਾਂ ਕਰ ਦਿੰਦੇ ਹਨ ਪਰ ਜ਼ਮੀਨ ’ਤੇ ਅਸਲੀਅਤ ਕੁਝ ਹੋਰ ਨਜ਼ਰ ਆਉਂਦੀ ਹੈ। ਉਨ੍ਹਾਂ ਮੁਤਾਬਕ ਹੁਣ ਤੱਕ ਚੰਨੀ ਨੇ ਜਿੰਨੇ ਵੀ ਐਲਾਨ ਕੀਤੇ ਹਨ, ਉਨ੍ਹਾਂ ਨੂੰ ਲਾਗੂ ਤੱਕ ਨਹੀਂ ਕਰ ਸਕੇ। ਅਜਿਹੇ ’ਚ ਉਹ ਸਿਰਫ਼ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਮੁਤਾਬਕ ਚੰਨੀ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਦਾਅਵਾ ਵੀ ਖੋਖਲਾ ਸਾਬਿਤ ਹੋਇਆ ਹੈ ਕਿਉਂਕਿ ਪੰਜਾਬ ਫੇਰੀ ਦੌਰਾਨ ਅਨੇਕਾਂ ਅਧਿਆਪਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਹਾਲੇ ਵੀ ਸਫ਼ਾਈ ਕਰਮਚਾਰੀ ਅਤੇ ਅਧਿਆਪਕ ਪੱਕੇ ਹੋਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰ ਸਰਕਾਰ ਦੇ ਕੰਨ ’ਤੇ ਜੂੰ ਤਕ ਨਹੀਂ ਸਰਕ ਰਹੀ। ਅੱਜ ਵੀ ਪੰਜਾਬ ’ਚ ਰੇਤ ਮਾਫ਼ੀਆ ਚੱਲ ਰਿਹਾ ਹੈ। ਸਰਕਾਰ ਵੱਲੋਂ ਦਿੱਤੇ ਗਏ ਰੇਟ ਹੁਣ ਤੱਕ ਲਾਗੂ ਨਹੀਂ ਹੋਏ। ਇਸ ਗੱਲ ’ਤੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਖੁਦ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ, ਜਿਨ੍ਹਾਂ ਨੇ ਚੰਨੀ ਦੇ ਸਾਹਮਣੇ ਸਟੇਜ ’ਤੇ ਇਹ ਗੱਲ ਕਹੀ ਹੈ। ਸਿੱਧੂ ਦੀ ਤਾਰੀਫ਼ ਕਰਨ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੋ ਵੀ ਚੰਗੀ ਗੱਲ ਕਰੇਗਾ, ਮੈਂ ਹਮੇਸ਼ਾ ਉਸ ਦੀ ਤਾਰੀਫ਼ ਕਰਦਾ ਹਾਂ, ਜਦਕਿ ਇਸ ਦਾ ਕੋਈ ਹੋਰ ਮਤਲਬ ਨਹੀਂ ਹੈ।