ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਖਿਲਾਫ ਇਮਾਨ ਸਿੰਘ ਪਹੁੰਚੇ ਅਦਾਲਤ

ਇਮਾਨ ਸਿੰਘ ਦੇ ਵਕੀਲ ਨੇ ਦੱਸਿਆ ਮਾਨ 'ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਦੋਸ਼ ਹਨ, ਜੋ ਕਿ ਪੂਰੀ ਤਰ੍ਹਾਂ ਝੂਠੇ ਹਨ।
ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਖਿਲਾਫ ਇਮਾਨ ਸਿੰਘ ਪਹੁੰਚੇ ਅਦਾਲਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਖ਼ਿਲਾਫ਼ ਅਦਾਲਤ ਵਿੱਚ ਪਹੁੰਚ ਕੀਤੀ ਹੈ।

ਇਮਾਨ ਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਇਮਾਨ ਸਿੰਘ ਅਨੁਸਾਰ ਸੀ.ਐਮ ਅਤੇ ਪੰਚਾਇਤ ਮੰਤਰੀ ਨੂੰ ਕਿਹਾ ਗਿਆ ਹੈ, ਕਿ ਜੇਕਰ ਉਨ੍ਹਾਂ ਕੋਲ ਇੰਨੀ ਜ਼ਮੀਨ ਹੈ ਤਾਂ ਉਹ ਸਾਬਤ ਕਰਨ।

ਇਸ ਮਾਮਲੇ ਦੀ ਸੁਣਵਾਈ 5 ਨਵੰਬਰ ਨੂੰ ਅਦਾਲਤ 'ਚ ਹੋਵੇਗੀ। ਇਮਾਨ ਸਿੰਘ ਦੇ ਵਕੀਲ ਨੇ ਦੱਸਿਆ ਕਿ ਇਮਾਨ ਸਿੰਘ ਮਾਨ 'ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਦੋਸ਼ ਹਨ, ਜੋ ਕਿ ਪੂਰੀ ਤਰ੍ਹਾਂ ਝੂਠੇ ਹਨ। ਇਮਾਨ ਸਿੰਘ ਦੇ ਨਾਮ 'ਤੇ 5 ਵਿੱਘੇ ਅਤੇ 14 ਬਿਸਵੇ ਜ਼ਮੀਨ ਹੈ, ਜੋ ਦਾਦਾ ਜੀ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਸੀ।

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਇਮਾਨ ਸਿੰਘ ਮਾਨ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 'ਆਪ' ਦੇ ਗੁਰਮੇਲ ਸਿੰਘ ਨੂੰ 5822 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ ਆਪਣੇ ਗਰਮ ਵਿਚਾਰਾਂ ਕਾਰਨ ਲਗਾਤਾਰ ਵਿਵਾਦਾਂ 'ਚ ਰਹੇ ਹਨ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ 'ਅੱਤਵਾਦੀ' ਕਿਹਾ ਸੀ, ਇਸ ਨੇ ਸਿਮਰਨਜੀਤ ਸਿੰਘ ਮਾਨ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹਨ। ਉਨ੍ਹਾਂ ਦਾ ਜਨਮ 1945 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ। ਸਿਮਰਨਜੀਤ ਹੁਣ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਪਹਿਲੀ ਵਾਰ 1989 ਵਿੱਚ ਤਰਨਤਾਰਨ ਤੋਂ ਅਤੇ ਦੂਜੀ ਵਾਰ 1999 ਵਿੱਚ ਸੰਗਰੂਰ ਤੋਂ ਮੈਂਬਰ ਬਣੇ ਹਨ।।

ਸਿਮਰਨਜੀਤ ਨੂੰ ਪੁਲਿਸ ਨੇ ਕਰੀਬ 30 ਵਾਰ ਹਿਰਾਸਤ ਵਿਚ ਲਿਆ ਹੈ, ਪਰ ਉਸ ਨੂੰ ਕਦੇ ਸਜ਼ਾ ਨਹੀਂ ਮਿਲੀ। ਧਿਆਨ ਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਭੈਣਾਂ ਹਨ। ਸਿਮਰਜੀਤ ਸਿੰਘ ਮਾਨ 1967 ਵਿਚ ਪੁਲਿਸ ਵਿਚ ਭਰਤੀ ਹੋਏ ਸਨ। 18 ਜੂਨ 1984 ਨੂੰ, ਉਸਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਸੀਆਈਐਸਐਫ ਬੰਬਈ ਵਿੱਚ ਗਰੁੱਪ ਕਮਾਂਡੈਂਟ ਵਜੋਂ ਅਸਤੀਫਾ ਦੇ ਦਿੱਤਾ।

ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਫਿਰ 1989 ਵਿਚ ਉਹ ਲੋਕ ਸਭਾ ਚੋਣ ਜਿੱਤ ਗਏ ਪਰ 1990 ਵਿਚ ਉਨ੍ਹਾਂ ਨੂੰ ਲੋਕ ਸਭਾ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਮਾਨ ਸੰਸਦ ਦੇ ਸੈਸ਼ਨ ਦੌਰਾਨ ਕਿਰਪਾਨ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਜਦੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 1999 ਵਿੱਚ ਜਦੋਂ ਉਹ ਮੁੜ ਐਮਪੀ ਬਣੇ ਤਾਂ ਉਨ੍ਹਾਂ ਕਿਰਪਾਨ ਅੰਦਰ ਲੈ ਜਾਣ ਦੀ ਜ਼ਿੱਦ ਨਹੀਂ ਕੀਤੀ।

Related Stories

No stories found.
logo
Punjab Today
www.punjabtoday.com