Sunday Column: ਵਿਰਸਾ ਅਤੇ ਸੱਭਿਆਚਾਰ, ਡੰਗਰ-ਪਸ਼ੂ

ਅੱਜ ਦੇ ਇਸ ਅੰਕ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦੇ ਡੰਗਰ-ਪਸ਼ੂ ਇੱਥੋਂ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।
Sunday Column: ਵਿਰਸਾ ਅਤੇ ਸੱਭਿਆਚਾਰ, ਡੰਗਰ-ਪਸ਼ੂ

ਡੰਗਰ ਪਸ਼ੂ ਜੀਵਨ ਦਾ ਹਮੇਸ਼ਾਂ ਹੀ ਇੱਕ ਅਨਿੱਖੜਵਾਂ ਰੰਗ ਰਹੇ ਹਨ ਅਤੇ ਉਨ੍ਹਾਂ ਨਾਲ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਮੋਹ ਕੀਤਾ ਜਾਂਦਾ ਰਿਹਾ ਹੈ। ਜਿਸ ਪਿੰਡ ਵਿੱਚ ਜਿੰਨੇ ਵੱਧ ਡੰਗਰ ਪਸ਼ੂ ਹੁੰਦੇ ਹਨ, ਕੁਦਰਤੀ ਤੌਰ ਤੇ ਓਨਾ ਹੀ ਵੱਧ ਗੋਹਾ ਹੁੰਦਾ ਹੈ ਅਤੇ ਓਨੇ ਹੀ ਵੱਡੇ ਅਤੇ ਵਧੇਰੇ ਪਿੰਡ ਦੇ ਗੁਹਾਰੇ ਹੁੰਦੇ ਹਨ। ਇਹ ਗੁਹਾਰੇ ਜਿੱਥੇ ਪਰਿਵਾਰਾਂ ਦੀ ਖੁਸ਼ਹਾਲੀ ਦੇ ਸੂਚਕ ਹੁੰਦੇ ਸਨ, ਉੱਥੇ ਇਹ ਸਮੁੱਚੇ ਪਿੰਡ ਦੀ ਆਰਥਿਕ ਹਾਲਤ ਵੱਲ ਵੀ ਸੰਕੇਤ ਕਰਦੇ ਹਨ। ਇਸੇ ਲਈ ਇਹ ਕਹਾਵਤ ਬੜੀ ਮਸ਼ਹੂਰ ਸੀ ਕਿ ਪਿੰਡ ਤਾਂ ਗੁਹਾਰਿਆਂ ਤੋਂ ਹੀ ਪਛਾਣਿਆ ਜਾਂਦਾ ਹੈ। ਇਸ ਲਈ ਪਿੰਡ ਅਤੇ ਪਸ਼ੂ ਇੱਕ ਦੂਜੇ ਤੋਂ ਅਲੱਗ ਨਹੀਂ ਦੇਖੇ ਜਾ ਸਕਦੇ ਸਨ।

ਘਰੇਲੂ ਪਸ਼ੂਆਂ ਵਿੱਚ ਮੱਝਾਂ, ਗਾਂਵਾਂ, ਬਲਦ ਅਤੇ ਉਠ ਆਮ ਪਸ਼ੂ ਹੁੰਦੇ ਸਨ। ਮੱਝਾਂ ਗਾਵਾਂ ਨੂੰ ਲਵੇਰੇ ਅਰਥਾਤ ਦੁੱਧ ਦੇਣ ਵਾਲੇ ਪਸ਼ੂਆਂ ਵਜੋਂ ਰੱਖਿਆ ਜਾਂਦਾ ਸੀ ਜਦਕਿ ਖੇਤੀ ਪੱਤੀ ਦਾ ਕੰਮ ਕਰਨ ਵਾਲੇ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਬਲਦ ਅਤੇ ਉੱਠ ਆਦਿ ਵੀ ਰੱਖੇ ਹੁੰਦੇ ਸਨ। ਇਨ੍ਹਾਂ ਦੀ ਵਰਤੋਂ ਖੇਤੀ ਨਾਲ ਸਬੰਧਿਤ ਵੱਖ ਵੱਖ ਕਾਰਜ ਕਰਨ ਦੇ ਨਾਲ ਨਾਲ ਭਾਰ ਢੋਣ ਲਈ ਵੀ ਕੀਤੀ ਜਾਂਦੀ ਸੀ। ਉੱਠ ਤਾਂ ਸਵਾਰੀ ਲਈ ਵੀ ਵਰਤੇ ਜਾਂਦੇ ਸਨ। ਦੱਸਣਯੋਗ ਹੈ ਕਿ ਊਠ ਨੂੰ ਪੁਰਾਤਨ ਪੇਂਡੂ ਅਤੇ ਦੇਸੀ ਭਾਸ਼ਾ ਦੇ ਵਿੱਚ ਬੋਤਾ ਕਿਹਾ ਜਾਂਦਾ ਸੀ।

ਰੰਗ ਪੱਖੋਂ ਮੱਝਾਂ ਕਾਲੀਆਂ ਜਾਂ ਹਲਕੀਆਂ ਭੂਰੀਆਂ ਹੁੰਦੀਆਂ ਹਨ ਅਤੇ ਸਿੰਘਾਂ ਪੱਖੋਂ ਕੁੰਢੇ ਸਿੰਗਾਂ ਵਾਲੀਆਂ ਜਾਂ ਡਿੱਗੇ ਸਿੰਗਾ ਵਾਲੀਆਂ ਹੁੰਦੀਆਂ ਹਨ। ਕਪਾਹ ਦੇ ਵੜੇਵੇਂ ਮੱਝਾਂ ਲਈ ਬਹੁਤ ਤਾਕਤਵਰ ਮੰਨੇ ਜਾਂਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਦੁੱਧ ਵੀ ਵਧੇਰੇ ਘਿਓ ਵਾਲਾ ਹੋ ਜਾਂਦਾ ਹੈ। ਤਾਜ਼ੀ ਸੂਈ ਮੱਝ ਗਾਂ ਨੂੰ ਸੱਜਰ ਸੂਈ, ਉਸ ਦੇ ਦੁੱਧ ਨੂੰ ਅਲੂਹਾ ਕਿਹਾ ਜਾਂਦਾ ਹੈ। ਸੂਣ ਤੋਂ ਬਾਅਦ ਚੁਣੇ ਗਏ ਪਹਿਲੇ ਦੁੱਧ ਨੂੰ ਬਹੁਲੀ ਅਤੇ ਬਾਅਦ ਤਿੰਨ ਚਾਰ ਦਿਨ ਦੇ ਦੁੱਧ ਨੂੰ ਛੇਲੜਾ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਸੂਣ ਤੋਂ ਭਾਵ ਹੈ ਜਦੋਂ ਮੱਝ ਜਾਂ ਗਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਬਹੁਲੀ ਅਤੇ ਛੇਲੜਾ ਸਵਾਦਿਸ਼ਟ ਹੋਣ ਦੇ ਨਾਲ ਨਾਲ ਬਹੁਤ ਗੁਣਕਾਰੀ ਵੀ ਮੰਨਿਆ ਜਾਂਦਾ ਹੈ। ਆਰਥਿਕ ਕਾਰਨਾਂ ਕਰਕੇ ਮੱਝ ਕੋਲੋਂ ਕੱਟੀ ਅਤੇ ਗਊ ਕੋਲੋਂ ਵੱਛੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵੈਸੇ ਗਊ ਨੂੰ ਤਾਂ ਸਾਡੇ ਸਮਾਜ ਵਿਚ ਮਾਤਾ ਕਹਿ ਕੇ ਸਨਮਾਨਿਆ ਜਾਂਦਾ ਹੈ ਅਤੇ ਬਹੁਤੇ ਸਾਰੇ ਹਿੰਦੂ ਰਹੁ ਰੀਤਾਂ ਅਨੁਸਾਰ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਵੱਛਿਆਂ ਨੂੰ ਬਲਦ ਬਣਾ ਕਿ ਖੇਤੀ ਦਾ ਕੰਮ ਲਿਆ ਜਾਂਦਾ ਹੈ। ਜਦ ਹਾਲੇ ਘਰਾਂ ਵਿਚ ਪਾਣੀ ਦੀ ਆਮਦ ਦੂਰ ਦੀ ਗੱਲ ਸੀ ਉਸ ਸਮੇਂ ਪਸ਼ੂਆਂ ਨੂੰ ਨਹਾਉਣ ਅਤੇ ਪਾਣੀ ਪਿਲਾਉਣ ਲਈ ਛੱਪੜਾਂ ਟੋਭਿਆਂ ਜਾਂ ਸੂਇਆਂ ਤੇ ਲਿਜਾਇਆ ਜਾਂਦਾ ਸੀ।

ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਭੇਡਾਂ ਤੇ ਬੱਕਰੀਆਂ ਵੀ ਕਾਫੀ ਦੇਖਣ ਨੂੰ ਮਿਲਦੀਆਂ ਹਨ। ਭੇਡਾਂ ਬੱਕਰੀਆਂ ਦੇ ਝੁੰਡ ਨੂੰ ਇੱਜੜ ਕਿਹਾ ਜਾਂਦਾ ਹੈ ਅਤੇ ਇੱਜੜ ਚਾਰਨ ਵਾਲੇ ਆਜੜੀ ਕਹਾਉਂਦੇ ਹਨ। ਆਜੜੀ ਆਮ ਤੌਰ ਤੇ ਦਲਿਤ ਪਰਿਵਾਰਾਂ ਦੇ ਬੱਚੇ ਹੀ ਹੁੰਦੇ ਸਨ। ਆਜੜੀ ਆਪਣੇ ਨਾਲ ਇਕ ਢੰਗਾ ਵੀ ਰੱਖਦੇ ਸਨ ਜੋ ਇੱਕ ਕਾਫ਼ੀ ਲੰਮੇ ਪਰ ਬਿਲਕੁਲ ਹੀ ਪਤਲੇ ਅਤੇ ਹਲਕੇ ਜਿਹੇ ਬਾਂਸ ਦੀ ਸੋਟੀ ਉੱਪਰ ਛੋਟੀ ਜਿਹੀ ਗੋਲ ਦਾਤਰੀ ਲਗਾ ਕੇ ਤਿਆਰ ਕੀਤਾ ਹੁੰਦਾ ਸੀ।

ਡੰਗਰ ਪਸ਼ੂਆਂ ਨਾਲ ਜੁੜੇ ਕਈ ਲੋਕ ਅਖਾਣ ਵੀ ਬਹੁਤ ਪ੍ਰਸਿੱਧ ਹਨ ਜਿਵੇਂ ਕਿ ਵੱਛਾ ਨਾ ਵਛੀ,ਨੀਂਦ ਆਵੇ ਅਛੀ; ਊਠਾਂ ਨੂੰ ਗੁੜ੍ਹਤੀਆਂ ਨਾਲ ਕੀ ਬਣਦਾ; ਉੱਠ ਭਾਵੇਂ ਬੈਠਾ ਵੀ ਹੋਵੇ,ਕੁੱਤਿਆਂ ਬਿੱਲੀਆਂ ਤੋਂ ਤਾਂ ਵੀ ਉੱਚਾ ਹੁੰਦਾ ਹੈ ; ਆਦਿ ਵਰਤੇ ਜਾਂਦੇ ਹਨ।

ਜੇਕਰ ਅਸੀਂ ਪੰਛੀਆਂ ਦੀ ਗੱਲ ਕਰੀਏ ਤਾਂ ਚਿੜੀ ਨੂੰ ਆਮ ਤੌਰ ਤੇ ਬਹੁਤ ਹੀ ਨਿਮਾਣਾ ਤੇ ਨਿਤਾਣਾ ਪੰਛੀ ਮੰਨਿਆ ਜਾਂਦਾ ਹੈ ਅਤੇ ਕਿਸੇ ਵੀ ਬੇਵੱਸ ਹੈ ਬਲਹੀਣ ਵਿਅਕਤੀ ਦੀ ਤੁਲਨਾ ਚਿੜੀਆਂ ਨਾਲ ਕੀਤੀ ਜਾਂਦੀ ਹੈ। ਖ਼ਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਕਰਨ ਤੋਂ ਪਹਿਲਾਂ ਭਾਰਤੀ ਜਾਂ ਫਿਰ ਪੰਜਾਬੀ ਲੋਕ ਚਿੜੀਆਂ ਸਾਮਾਨ ਸਨ ਪਰ ਗੁਰੂ ਸਾਹਿਬ ਨੇ " ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਰਾਠੌ ਕੇ ਸੰਗ ਰੰਕ ਲੜਾਊਂ, ਇਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊਂ" ਦਾ ਸੰਕਲਪ ਲੈ ਕੇ ਸਮੁੱਚੀ ਕੌਮ ਵਿੱਚ ਨਵੀਂ ਰੂਹ ਫੂਕ ਦਿੱਤੀ ਅਤੇ ਇਕ ਬਲਹੀਣ ਕੌਮ ਨੂੰ ਸੂਰਮਿਆਂ ਦੀ ਕੌਮ ਵਿੱਚ ਬਦਲ ਦਿੱਤਾ। ਕਈ ਵਾਰ ਕੁੜੀਆਂ ਦਾ ਨਿਤਾਣਾਪਣ ਦਰਸਾਉਣ ਲਈ ਉਨ੍ਹਾਂ ਦੀ ਤੁਲਨਾ ਚਿੜੀਆਂ ਨਾਲ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਅਕਸਰ ਕੁਡ਼ੀਆਂ ਚਿਡ਼ੀਆਂ ਕਿਹਾ ਜਾਂਦਾ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਇਸ ਸਮੇਂ ਕੁੜੀਆਂ ਤੇ ਚਿੜੀਆਂ ਦੋਨਾਂ ਦੀ ਹੀ ਗਿਣਤੀ ਘਟ ਰਹੀ ਹੈ।

ਬਹੁਤ ਸਾਰੇ ਪਸ਼ੂ ਪੰਛੀ ਹਿੰਦੂ ਦੇਵੀ ਦੇਵਤਿਆਂ ਦੇ ਵਾਹਨ ਵੀ ਮੰਨੇ ਜਾਂਦੇ ਹਨ। ਉਦਾਹਰਣ ਵਜੋਂ ਸ਼ਿਵਜੀ ਭੋਲੇ ਨਾਥ ਦੀ ਸਵਾਰੀ ਬੈਲ, ਦੁਰਗਾ ਮਾਤਾ ਦੀ ਸਵਾਰੀ ਸ਼ੇਰ, ਸਰਸਵਤੀ ਮਾਤਾ ਦੀ ਸਵਾਰੀ ਹੰਸ ਆਦਿ ਮੰਨੇ ਜਾਂਦੇ ਹਨ।

ਕੁੱਲ ਮਿਲਾ ਕੇ ਪਸ਼ੂ ਅਤੇ ਪੰਛੀ ਪੰਜਾਬੀ ਜੀਵਨ ਦਾ ਦਾ ਇੱਕ ਜ਼ਰੂਰੀ ਹਿੱਸਾ ਰਹੇ ਹਨ । ਪੰਜਾਬੀ ਸੂਬਾ ਜੋ ਕਿ ਇੱਕ ਖੇਤੀ ਪ੍ਰਧਾਨ ਸੂਬਾ ਸੀ ਅਤੇ ਹੁਣ ਵੀ ਹੈ, ਦੇ ਵਿੱਚ ਪਸ਼ੂ ਪੰਛੀਆਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਹੁਣ ਵੀ ਪੰਜਾਬੀ ਜੀਵਨ ਸ਼ੈਲੀ ਵਿੱਚ ਪਸ਼ੂ ਪੰਛੀ ਆਪਣਾ ਯੋਗਦਾਨ ਪਾ ਰਹੇ ਹਨ।

Related Stories

No stories found.
logo
Punjab Today
www.punjabtoday.com