ਐਨਆਈਏ ਨੇ ਹੁਣ ਪੰਜਾਬੀ ਗਾਇਕਾਂ 'ਤੇ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸੋਮਵਾਰ ਸਵੇਰੇ ਮੋਹਾਲੀ ਦੇ ਸੈਕਟਰ 104 ਸਥਿਤ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਛਾਪਾ ਮਾਰਿਆ। ਉਨ੍ਹਾਂ ਦਾ ਮੋਹਾਲੀ 'ਚ ਤਾਜ ਟਾਵਰ 'ਚ ਫਲੈਟ ਹੈ।
ਐਨਆਈਏ ਦੀ ਇਸ ਅਚਨਚੇਤ ਛਾਪੇਮਾਰੀ ਦੌਰਾਨ ਸੀਆਰਪੀਐਫ ਦੇ ਜਵਾਨ ਵੀ ਪਹੁੰਚ ਗਏ ਸਨ। ਕਿਸਾਨਾਂ ਦੇ ਸੰਘਰਸ਼ ਦੌਰਾਨ ਕੰਵਰ ਗਰੇਵਾਲ ਕਿਸਾਨਾਂ ਦੇ ਮੰਚ 'ਤੇ ਨਜ਼ਰ ਆਏ ਸਨ, ਉਹ ਆਪਣੇ ਗੀਤਾਂ ਰਾਹੀਂ ਨਿਡਰ ਹੋ ਕੇ ਬੋਲਦਾ ਰਿਹਾ ਹੈ। ਕੰਵਰ ਗਰੇਵਾਲ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਇੱਕ ਗੀਤ ਵੀ ਗਾਇਆ ਸੀ। ਜਿਸ 'ਤੇ ਬਾਅਦ 'ਚ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਮਸ਼ਹੂਰ ਗਾਇਕ ਬੱਬੂ ਮਾਨ, ਮਨਕੀਰਤ ਔਲਖ ਅਤੇ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ।
NIA ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੈਂਗਸਟਰਾਂ ਦੀ ਫੰਡਿੰਗ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ, ਕਿ ਗੈਂਗਸਟਰਾਂ ਦੇ ਇਸ਼ਾਰੇ 'ਤੇ ਕਿਸ ਨੇ ਕਿੱਥੇ ਪ੍ਰਦਰਸ਼ਨ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਵਾਲ ਉਠਾਏ ਹਨ। ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਮੂਸੇਵਾਲਾ ਦੀ ਮੌਤ ਪਿੱਛੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ। ਜਿਸ ਤੋਂ ਬਾਅਦ NIA ਇਸ ਮਾਮਲੇ 'ਚ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਇਸਤੋਂ ਇਲਾਵਾ ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਦੀ ਬਟਾਲਾ ਸਥਿਤ ਕੋਠੀ 'ਤੇ ਅਤੇ 4 ਥਾਵਾਂ 'ਤੇ ਛਾਪੇਮਾਰੀ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਸਵੇਰੇ ਹੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ । ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਅੱਜ ਸਵੇਰੇ ਇਨਕਮ ਟੈਕਸ ਟੀਮ ਬਟਾਲਾ ਦੇ ਗ੍ਰੇਟਰ ਕੈਲਾਸ਼ ਵਾਲੇ ਬੰਗਲਾ, ਜੱਦੀ ਪਿੰਡ ਵਡਾਲਾ ਗ੍ਰੰਥੀਆਂ ਅਤੇ ਚੰਡੀਗੜ੍ਹ ਦੀ ਕੋਠੀ ਪਹੁੰਚ ਗਈ। ਪੂਰੇ ਘਰ ਅਤੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ। ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਧਿਕਾਰੀ ਵੀ ਕੁਝ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ। ਫਿਲਹਾਲ ਦਫਤਰਾਂ ਅਤੇ ਘਰ ਤੋਂ ਮਿਲੇ ਦਸਤਾਵੇਜ਼ਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਹੀ ਨਹੀਂ ਇਨਕਮ ਟੈਕਸ ਵਿਭਾਗ ਦੀ ਟੀਮ ਵੀ ਉਨ੍ਹਾਂ ਦੇ ਪੀਏ ਅਤੇ ਦੋਸਤ ਵੋਹਰਾ ਦੇ ਘਰ ਪਹੁੰਚੀ। ਇੱਥੇ ਵੀ ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਲਈ ਅਤੇ ਮਿਲੀਆਂ ਵਸਤੂਆਂ ਦਾ ਮੁਲਾਂਕਣ ਕੀਤਾ।