ਕੈਨੇਡਾ : ਖਾਲਿਸਤਾਨ ਸਮਰਥਕਾਂ ਨੇ ਕੀਤਾ ਤਿਰੰਗੇ ਦਾ ਅਪਮਾਨ, ਭਾਰਤੀ ਗੁੱਸੇ 'ਚ

ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕੈਨੇਡਾ ਸਰਕਾਰ ਕੋਲ ਆਪਣਾ ਇਤਰਾਜ਼ ਦਰਜ ਕਰਵਾ ਕੇ ਜ਼ੋਰਦਾਰ ਢੰਗ ਨਾਲ ਕਾਰਵਾਈ ਕਰਣ ਦੀ ਮੰਗ ਕੀਤੀ ਹੈ।
ਕੈਨੇਡਾ : ਖਾਲਿਸਤਾਨ ਸਮਰਥਕਾਂ ਨੇ ਕੀਤਾ ਤਿਰੰਗੇ ਦਾ ਅਪਮਾਨ, ਭਾਰਤੀ ਗੁੱਸੇ 'ਚ

ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੇ ਖਿਲਾਫ ਭਾਰਤੀ ਲੋਕਾਂ ਨੇ ਰੋਸ਼ ਜਾਹਿਰ ਕੀਤਾ। ਕੈਨੇਡਾ 'ਚ ਟੋਰਾਂਟੋ ਨੇੜੇ ਬਰੈਂਪਟਨ 'ਚ ਖਾਲਿਸਤਾਨ ਦੇ ਸਮਰਥਕ ਅਤੇ ਭਾਰਤ ਮਾਤਾ ਦੇ ਪ੍ਰੇਮੀ ਆਹਮੋ-ਸਾਹਮਣੇ ਹੋ ਗਏ। ਜਿੱਥੇ ਖਾਲਿਸਤਾਨੀ ਸਮਰਥਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਉਥੇ ਹੀ ਦੂਜੇ ਪਾਸੇ ਰਾਸ਼ਟਰਵਾਦੀ ਵਿਚਾਰਧਾਰਾ ਦੇ ਸਮਰਥਕਾਂ ਨੇ ਤਿਰੰਗਾ ਲੈ ਕੇ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਖਾਲਿਸਤਾਨ ਦੇ ਸਮਰਥਕਾਂ ਨੇ ਤਿਰੰਗੇ ਝੰਡੇ ਨੂੰ ਲੈ ਕੇ ਜਾ ਰਹੇ, ਲੋਕਾਂ ਦੇ ਹੱਥਾਂ ਤੋਂ ਖੋਹ ਕੇ ਉਨ੍ਹਾਂ ਦਾ ਅਪਮਾਨ ਕੀਤਾ, ਜਿਸ ਦੌਰਾਨ ਕਾਫੀ ਤਣਾਅ ਪੈਦਾ ਹੋ ਗਿਆ। ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਬੰਦੀ ਛੋੜ ਦਿਵਸ ਦੀ ਰਾਤ ਖਾਲਿਸਤਾਨੀ ਝੰਡੇ ਲੈ ਕੇ ਖਾਲਿਸਤਾਨੀ ਸਮਰਥਕ ਪਹੁੰਚੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਉਥੇ ਰਹਿੰਦੇ ਭਾਰਤ ਪ੍ਰੇਮੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੇ ਵਾਹਨਾਂ ਵਿਚ ਤਿਰੰਗਾ ਲੈ ਕੇ ਮੌਕੇ 'ਤੇ ਪੁੱਜੇ। ਇੱਕ ਪਾਸੇ ਤੋਂ ਖਾਲਿਸਤਾਨ ਪੱਖੀ ਨਾਅਰੇ ਅਤੇ ਦੂਜੇ ਪਾਸੇ ਤੋਂ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ। ਖਾਲਿਸਤਾਨੀ ਸਮਰਥਕਾਂ ਨੇ ਕਾਰਾਂ ਦੀਆਂ ਖਿੜਕੀਆਂ ਤੋਂ ਤਿਰੰਗਾ ਲਹਿਰਾ ਰਹੇ ਲੋਕਾਂ ਦੇ ਹੱਥਾਂ ਤੋਂ ਰਾਸ਼ਟਰੀ ਝੰਡਾ ਖੋਹ ਲਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਉਸਨੇ ਭਾਰਤੀ ਤਿਰੰਗੇ ਨੂੰ ਪੈਰਾਂ ਹੇਠ ਕੁਚਲ ਕੇ ਉਸ ਦਾ ਅਪਮਾਨ ਕੀਤਾ। ਇਸ ਤੋਂ ਬਾਅਦ ਭਾਰਤ ਪ੍ਰੇਮੀ ਵੀ ਅੱਗੇ ਆਏ। ਇਸ ਘਟਨਾ ਤੋਂ ਬਾਅਦ ਕੈਨੇਡਾ 'ਚ ਭਾਰਤੀ ਭਾਈਚਾਰੇ 'ਚ ਕਾਫੀ ਗੁੱਸਾ ਹੈ। ਕੁਝ ਦਿਨ ਪਹਿਲਾਂ ਟੋਰਾਂਟੋ ਵਿੱਚ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਰੈਫਰੈਂਡਮ 2020 ਦਾ ਆਯੋਜਨ ਕੀਤਾ ਸੀ। ਇਸ ਵਿੱਚ ਇੱਕ ਲੱਖ ਤੋਂ ਵੱਧ ਪੋਲਿੰਗ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਇਸ ਤੋਂ ਬਾਅਦ ਖਾਲਿਸਤਾਨ ਸਮਰਥਕ ਉੱਥੇ ਭੜਕੇ ਹੋਏ ਹਨ। ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਵੀ ਕੈਨੇਡਾ ਸਰਕਾਰ ਕੋਲ ਆਪਣਾ ਇਤਰਾਜ਼ ਦਰਜ ਕਰਵਾ ਕੇ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਨਫ਼ਰਤੀ ਅਪਰਾਧ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਕੈਨੇਡਾ ਵਿੱਚ ਨਫ਼ਰਤੀ ਅਪਰਾਧ ਵੱਧ ਰਿਹਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਭਾਰਤੀ ਦੂਤਾਵਾਸ ਦੇ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੀਦਾ ਹੈ। ਬੰਦੀ ਛੋੜ ਦਿਵਸ 'ਤੇ ਵਾਪਰੀ ਘਟਨਾ ਨੇ ਇਕ ਵਾਰ ਫਿਰ ਦੋਹਾਂ ਦੇਸ਼ਾਂ ਵਿਚਾਲੇ ਕੁੜੱਤਣ ਵਧਣ ਦੇ ਆਸਾਰ ਪੈਦਾ ਕਰ ਦਿੱਤੇ ਹਨ।

Related Stories

No stories found.
logo
Punjab Today
www.punjabtoday.com