28 September - ਅੱਜ ਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

ਲਾਸਾਨੀ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਮਿਤੀ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਕਸਬੇ ਬੰਗਾ ਵਿੱਚ ਹੋਇਆ ਅਤੇ ਇਹ ਕਸਬਾ ਹੁਣ ਪਾਕਿਸਤਾਨ ਵਿੱਚ ਸਥਿਤ ਹੈ।
28 September - ਅੱਜ ਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

ਸਰਦਾਰ ਭਗਤ ਸਿੰਘ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਜੀ ਦਾ ਨਾਮ ਵਿੱਦਿਆਵਤੀ ਸੀ। ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਸਨ ਜਿਨ੍ਹਾਂ ਨੇ ਪੱਗੜੀ ਸੰਭਾਲ ਜੱਟਾ ਨਾਮ ਦੀ ਇਕ ਬਹੁਤ ਵੱਡੀ ਲਹਿਰ ਖੜ੍ਹੀ ਕੀਤੀ ਅਤੇ ਦੇਸ਼ ਦੀ ਆਜ਼ਾਦੀ ਵਿਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਭਗਤ ਸਿੰਘ ਦੇ ਪਿਤਾ ਜੀ ਵੀ ਸੁਤੰਤਰਤਾ ਸੰਗਰਾਮ ਦੇ ਵਿਚ ਪੂਰੀ ਤਰ੍ਹਾਂ ਸਰਗਰਮ ਸਨ। ਸਰਦਾਰ ਭਗਤ ਸਿੰਘ ਬਚਪਨ ਤੋਂ ਹੀ ਬਹੁਤ ਦਲੇਰ ਸੁਭਾਅ ਵਾਲੇ ਸਨ। ਸਰਦਾਰ ਭਗਤ ਸਿੰਘ ਦੇ ਬਚਪਨ ਦੀ ਇੱਕ ਘਟਨਾ ਬਹੁਤ ਹੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਉਹ ਆਪਣੇ ਪਿਤਾ ਜੀ ਨਾਲ ਖੇਤ ਗਏ ਅਤੇ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਖੇਤ ਵਿਚ ਕੀ ਬੀਜਦੇ ਹੋ। ਉਨ੍ਹਾਂ ਦੇ ਪਿਤਾ ਜੀ ਨੇ ਦੱਸਿਆ ਕਿ ਅਸੀਂ ਖੇਤ ਵਿਚ ਬੀਜ ਬੀਜਦੇ ਹਾਂ ਜਿਸ ਨਾਲ ਬਹੁਤ ਭਰਵੀਂ ਫਸਲ ਹੁੰਦੀ ਹੈ। ਭਗਤ ਸਿੰਘ ਹੋਰਾਂ ਨੇ ਸਵਾਲ ਕੀਤਾ ਕਿ ਕੀ ਆਪਾਂ ਖੇਤ ਵਿੱਚ ਬੰਦੂਕਾਂ ਬੀਜ ਸਕਦੇ ਹਾਂ ਜਿਸ ਨਾਲ ਬਹੁਤ ਸਾਰੀਆਂ ਬੰਦੂਕਾਂ ਹੋਰ ਪੈਦਾ ਹੋ ਜਾਣ? ਉਨ੍ਹਾਂ ਦੇ ਪਿਤਾ ਜੀ ਨੇ ਮੁੜ ਸਵਾਲ ਕਰਦੇ ਹੋਏ ਭਗਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਇਨ੍ਹਾਂ ਬੰਦੂਕਾਂ ਦਾ ਕੀ ਕਰੋਗੇ? ਸਰਦਾਰ ਭਗਤ ਸਿੰਘ ਦਾ ਜਵਾਬ ਸੀ ਕਿ ਮੈਂ ਇਨ੍ਹਾਂ ਬੰਦੂਕਾਂ ਨਾਲ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਾਂਗਾ। ਸਰਦਾਰ ਕਿਸ਼ਨ ਸਿੰਘ ਆਪਣੇ ਬੱਚੇ ਦਾ ਇਹ ਸਵਾਲ ਸੁਣ ਕੇ ਜਿੱਥੇ ਹੈਰਾਨ ਹੋਏ ਉੱਥੇ ਉਹ ਅੰਦਰੋ ਅੰਦਰੀ ਬਹੁਤ ਖੁਸ਼ ਹੋਏ ਕਿ ਮੇਰਾ ਬੇਟਾ ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਵੇ ਰਾਹ ਤੇ ਪੈ ਗਿਆ ਹੈ।

13 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ਼ ਦਾ ਬਹੁਤ ਵੱਡਾ ਸਾਕਾ ਹੋਇਆ ਜਿਸ ਵਿੱਚ ਜਨਰਲ ਡਾਇਰ ਦੇ ਹੁਕਮਾਂ ਦੇ ਉੱਤੇ ਅੰਗਰੇਜ਼ੀ ਫ਼ੌਜ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਦੀ ਬੁਛਾੜ ਕਰ ਦਿੱਤੀ। ਇਸ ਸਾਕੇ ਵਿਚ 900 ਤੋਂ ਵਧੇਰੇ ਬੇਕਸੂਰ ਲੋਕ ਸ਼ਹੀਦ ਹੋ ਗਏ। ਇਸ ਘਟਨਾ ਨੇ ਸਰਦਾਰ ਭਗਤ ਸਿੰਘ ਦੇ ਬਾਲ ਮਨ ਦੇ ਉਤੇ ਬਹੁਤ ਗਹਿਰਾ ਅਸਰ ਪਾਇਆ। ਸਰਦਾਰ ਭਗਤ ਸਿੰਘ ਨੇ ਇਸ ਤੋਂ ਬਾਅਦ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਦੇਸ਼ ਦੀ ਆਜ਼ਾਦੀ ਲਈ ਤੋਰਨਾ ਹੈ।

ਮਹਾਤਮਾ ਗਾਂਧੀ ਨੇ 1 ਅਗਸਤ 1920 ਨੂੰ ਦੇਸ਼ ਵਿਚ ਅਸਹਿਯੋਗ ਅੰਦੋਲਨ ਸ਼ੁਰੂ ਕਰ ਦਿੱਤਾ ਜਿਸ ਵਿਚ ਗਾਂਧੀ ਜੀ ਨੇ ਇਹ ਘੋਸ਼ਣਾ ਕੀਤੀ ਕਿ ਕੋਈ ਵੀ ਭਾਰਤੀ ਹਰ ਤਰੀਕੇ ਨਾਲ ਅੰਗਰੇਜ਼ੀ ਹਕੂਮਤ ਦਾ ਬਾਈਕਾਟ ਕਰੇਗਾ। ਸਰਦਾਰ ਭਗਤ ਸਿੰਘ ਹੋਰਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਆਪਣੇ ਆਪ ਨੂੰ ਨਾਲ ਜੋੜ ਲਿਆ। ਪਰ ਉੱਤਰ ਪ੍ਰਦੇਸ਼ ਦੇ ਚੋਰੀ ਚੌਰਾ ਇਲਾਕੇ ਵਿਚ ਗਾਂਧੀ ਜੀ ਦਾ ਇਹ ਅੰਦੋਲਨ ਜਦ ਹਿੰਸਕ ਰੂਪ ਧਾਰਨ ਕਰ ਗਿਆ ਤਾਂ 5 ਫਰਵਰੀ 1922 ਨੂੰ ਇਹ ਅੰਦੋਲਨ ਵਾਪਸ ਲੈ ਲਿਆ ਅਤੇ ਸਰਦਾਰ ਭਗਤ ਸਿੰਘ ਮਹਾਤਮਾ ਗਾਂਧੀ ਦੇ ਇਸ ਫੈਸਲੇ ਦੇ ਨਾਲ ਨਾ ਕੇਵਲ ਅਸਹਿਮਤ ਹੋਏ ਬਲਕਿ ਉਨ੍ਹਾਂ ਨੂੰ ਗਾਂਧੀ ਜੀ ਦੇ ਇਸ ਫ਼ੈਸਲੇ ਉੱਤੇ ਬਹੁਤ ਰੋਸ ਹੋਇਆ। ਸਰਦਾਰ ਭਗਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਆਜ਼ਾਦੀ ਦੀ ਲੜਾਈ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਅਨੁਸਾਰ ਨਹੀਂ ਲੜਨਗੇ ਬਲਕਿ ਕ੍ਰਾਂਤੀਕਾਰੀ ਤਰੀਕੇ ਦੇ ਨਾਲ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣਗੇ। ਸਰਦਾਰ ਭਗਤ ਸਿੰਘ ਨੇ ਕ੍ਰਾਂਤੀਕਾਰੀ ਅੰਦੋਲਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਕਈ ਕ੍ਰਾਂਤੀਕਾਰੀ ਸਭਾਵਾਂ ਦਾ ਹਿੱਸਾ ਬਣੇ। ਇਸ ਦੌਰਾਨ ਰਾਜਗੁਰੂ, ਸੁਖਦੇਵ ਆਦਿ ਉਨ੍ਹਾਂ ਦੇ ਨਾਲ ਜੁੜ ਗਏ। 9 ਅਗਸਤ 1925 ਨੂੰ ਦੇਸ਼ ਦੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਦਾ ਖ਼ਜ਼ਾਨਾ ਹਥਿਆਰ ਖ਼ਰੀਦਣ ਦੇ ਮੰਤਵ ਨਾਲ ਲੁੱਟਿਆ ਜਿਸ ਨੂੰ ਅੱਜ ਅਸੀੰ ਕਾਕੋਰੀ ਕਾਂਡ ਦੇ ਨਾਮ ਨਾਲ ਯਾਦ ਕਰਦੇ ਹਾਂ।

ਇਸ ਕਾਂਡ ਦੇ ਵਿਚ ਚਾਰ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਸਜ਼ਾ ਅਤੇ ਕਈਆਂ ਨੂੰ ਜੀਵਨ ਭਰ ਲਈ ਜੇਲ੍ਹ ਹੋ ਗਈ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਦਾਰ ਭਗਤ ਸਿੰਘ ਨੇ ਆਪਣੀ ਸਾਲ 1928 ਵਿੱਚ ਆਪਣੀ ਪਾਰਟੀ ਨੌਜਵਾਨ ਭਾਰਤ ਸਭਾ ਨੂੰ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਵਿੱਚ ਮਿਲਾ ਲਿਆ। 30 ਅਕਤੂਬਰ 1928 ਨੂੰ ਸਰਦਾਰ ਭਗਤ ਸਿੰਘ ਨੇ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਿਆ। ਇਸ ਵਿਰੋਧ ਪ੍ਰਦਰਸ਼ਨ ਵਿੱਚ ਹੋਏ ਲਾਠੀਚਾਰਜ ਦਰਮਿਆਨ ਲਾਲਾ ਲਾਜਪਤ ਰਾਏ ਜੀ ਕਾਫ਼ੀ ਘਾਇਲ ਹੋ ਗਏ। ਉਸ ਵੇਲੇ ਲਾਲਾ ਲਾਜਪਤ ਰਾਏ ਜੀ ਨੇ ਕਿਹਾ ਸੀ ਕਿ ਮੇਰੇ ਸੀਨੇ ਉੱਤੇ ਪਈ ਇੱਕ ਇੱਕ ਲਾਠੀ ਅੰਗਰੇਜ਼ ਸਰਕਾਰ ਦੇ ਤਾਬੂਤ ਵਿਚ ਇਕ ਇਕ ਕਿੱਲ ਦਾ ਕੰਮ ਕਰੇਗੀ। 17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਜੀ ਇਨ੍ਹਾਂ ਸੱਟਾਂ ਕਾਰਨ ਸਦੀਵੀ ਵਿਛੋੜਾ ਦੇ ਗਏ ਅਤੇ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋਸਤਾਂ ਨੇ ਇਸ ਦਾ ਬਦਲਾ ਲੈਣ ਦਾ ਫ਼ੈਸਲਾ ਲੈ ਲਿਆ। ਉਨ੍ਹਾਂ ਨੇ ਬ੍ਰਿਟਿਸ਼ ਪੁਲਸ ਅਫਸਰ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। 17 ਦਸੰਬਰ 1928 ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਸਕਾਟ ਦੀ ਬਜਾਏ ਬ੍ਰਿਟਿਸ਼ ਪੁਲੀਸ ਅਫਸਰ ਸਾਂਡਰਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਅਤੇ ਉਥੋਂ ਭੱਜ ਗਏ। ਇਸ ਤਰੀਕੇ ਨਾਲ ਉਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ।

ਅੰਗਰੇਜ਼ ਸਰਕਾਰ ਸਾਲ 1929 ਵਿੱਚ ਇਕ ਮਜ਼ਦੂਰ ਵਿਰੋਧੀ ਬਿੱਲ ਲੈ ਕੇ ਆਈ ਜਿਸ ਦਾ ਮਕਸਦ ਮਜ਼ਦੂਰਾਂ ਦਾ ਸੋਸ਼ਣ ਵਧਾ ਕੇ ਦੇਸ਼ ਨੂੰ ਹੋਰ ਲੁੱਟਣਾ ਸੀ। ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਦੇਸ਼ ਦੇ ਵਿੱਚ ਅੰਗਰੇਜ਼ੀ ਹਕੂਮਤ ਮਜ਼ਦੂਰਾਂ ਦਾ ਅਤੇ ਕਿਰਤੀਆਂ ਦਾ ਇਸ ਤਰੀਕੇ ਨਾਲ ਸ਼ੋਸ਼ਣ ਕਰੇ। ਇਸ ਦਾ ਵਿਰੋਧ ਕਰਨ ਲਈ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਨੇ 8 ਅਪਰੈਲ 1929 ਨੂੰ ਅਸੈਂਬਲੀ ਦੇ ਬਾਹਰ ਬੰਬ ਸੁੱਟਿਆ। ਉਨ੍ਹਾਂ ਦੇ ਇਸ ਬੰਬ ਨੂੰ ਸੁੱਟਣ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ ਬਲਕਿ ਅੰਗਰੇਜ਼ੀ ਹਕੂਮਤ ਨੂੰ ਆਪਣੀ ਕੁੰਭਕਰਨੀ ਨੀਂਦ ਵਿੱਚੋਂ ਜਗਾਉਣਾ ਸੀ। ਇਹ ਬੰਬ ਇੰਨੇ ਸੁਰੱਖਿਅਤ ਤਰੀਕੇ ਨਾਲ ਸਿੱਟੇ ਗਏ ਕਿ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ। ਬੰਬ ਸੁੱਟਣ ਤੋਂ ਬਾਅਦ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾ ਲਿਆ।

ਗ੍ਰਿਫ਼ਤਾਰੀ ਤੋਂ ਬਾਅਦ ਸ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਜਿਸ ਜੇਲ੍ਹ ਵਿੱਚ ਰੱਖਿਆ ਗਿਆ ਉਸ ਵਿਚ ਅੰਗਰੇਜ਼ੀ ਅਤੇ ਭਾਰਤੀ ਕੈਦੀਆਂ ਵਿੱਚ ਬਹੁਤ ਭਿੰਨ ਭੇਦ ਕੀਤਾ ਜਾ ਰਿਹਾ ਸੀ। ਇਹ ਭਿੰਨ ਭੇਦ ਬਹੁਤ ਵੱਡੀ ਪੱਧਰ ਤੇ ਸੀ ਅਤੇ ਭਾਰਤੀ ਕੈਦੀਆਂ ਨੂੰ ਜਾਨਵਰਾਂ ਵਾਂਗ ਸਮਝਿਆ ਜਾ ਰਿਹਾ ਸੀ। ਇਹ ਦੇਖਦੇ ਹੋਏ ਸਰਦਾਰ ਭਗਤ ਸਿੰਘ ਨੇ ਫੈਸਲਾ ਲੈ ਲਿਆ ਕਿ ਜਦੋਂ ਤੱਕ ਅੰਗਰੇਜ਼ੀ ਅਤੇ ਭਾਰਤੀ ਕੈਦੀਆਂ ਦਰਮਿਆਨ ਇਕਸਾਰਤਾ ਵਾਲਾ ਰਵੱਈਆ ਨਹੀਂ ਅਪਣਾਇਆ ਜਾਂਦਾ ਉਹ ਉਦੋਂ ਤੱਕ ਭੁੱਖ ਹੜਤਾਲ ਤੇ ਬੈਠਣਗੇ। ਇਹ ਭੁੱਖ ਹਡ਼ਤਾਲ ਜੂਨ 1929 ਵਿੱਚ ਸ਼ੁਰੂ ਹੋ ਗਈ ਅਤੇ ਅੰਗਰੇਜ਼ ਹਕੂਮਤ ਨੇ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਉਣ ਲਈ ਉਨ੍ਹਾਂ ਉੱਪਰ ਅਨੇਕਾਂ ਜ਼ੁਲਮ ਢਾਹੇ ਪਰ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬੁਟਕੇਸ਼ਵਰ ਦੱਤ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੇ ਅੱਗੇ ਨਾ ਝੁਕੇ। ਇਸ ਦੇ ਨਾਲ ਹੀ ਭਗਤ ਸਿੰਘ ਦੇ ਬਾਕੀ ਕ੍ਰਾਂਤੀਕਾਰੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਭਗਤ ਸਿੰਘ ਨੂੰ ਉਨ੍ਹਾਂ ਦੇ ਪਾਸ ਹੀ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ। ਸਰਦਾਰ ਭਗਤ ਸਿੰਘ ਦੀ ਭੁੱਖ ਹੜਤਾਲ ਨੂੰ ਦੇਖ ਕੇ ਉਨ੍ਹਾਂ ਦੇ ਬਾਕੀ ਸਾਥੀਆਂ ਰਾਜਗੁਰੂ, ਸੁਖਦੇਵ ਅਤੇ ਜਤਿੰਦਰਨਾਥ ਦਾਸ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਬਹੁਤ ਝੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਪਰ ਉਹ ਆਪਣੇ ਹੌਸਲੇ ਦੇ ਇੰਨੇ ਬੁਲੰਦ ਸੀ ਕਿ ਬਿਲਕੁਲ ਵੀ ਨਾ ਡੋਲੇ।

13 ਸਤੰਬਰ 1929 ਨੂੰ ਉਨ੍ਹਾਂ ਦੇ ਦੋਸਤ ਜਤਿੰਦਰ ਨਾਥ ਦਾਸ ਦੀ ਭੁੱਖ ਹੜਤਾਲ ਕਾਰਨ ਮੌਤ ਹੋ ਗਈ। ਜਤਿੰਦਰਨਾਥ ਦਾਸ ਨੇ 63 ਦਿਨ ਤੱਕ ਕੁਝ ਵੀ ਨਹੀਂ ਸੀ ਖਾਧਾ। ਉਨ੍ਹਾਂ ਦੀ ਮੌਤ ਨੇ ਸਾਰੇ ਦੇਸ਼ ਦੇ ਵਿਚ ਇਕ ਵਿਰੋਧ ਦੀ ਲਹਿਰ ਚਲਾ ਦਿੱਤੀ ਅਤੇ ਆਖ਼ਿਰਕਾਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਅਤੇ ਸਰਦਾਰ ਭਗਤ ਸਿੰਘ ਦੀਆਂ ਸ਼ਰਤਾਂ ਨੂੰ ਮੰਨਣਾ ਪਿਆ। ਸਰਦਾਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਆਪਣੀ ਭੁੱਖ ਹੜਤਾਲ 5 ਅਕਤੂਬਰ 1929 ਨੂੰ ਪੂਰੇ 116 ਦਿਨਾਂ ਬਾਅਦ ਸਮਾਪਤ ਕੀਤੀ। ਇਹ ਸੀ ਸਰਦਾਰ ਭਗਤ ਸਿੰਘ ਦਾ ਆਪਣੇ ਆਪ ਵਿੱਚ ਅਟੁੱਟ ਵਿਸ਼ਵਾਸ ਅਤੇ ਦੇਸ਼ ਪ੍ਰੇਮ।

16 ਅਗਸਤ 1930 ਨੂੰ ਅੰਗਰੇਜ਼ੀ ਅਦਾਲਤ ਨੇ ਸਰਦਾਰ ਭਗਤ ਸਿੰਘ ਨੂੰ ਵੱਖ ਵੱਖ ਧਾਰਾਵਾਂ ਹੇਠ ਦੋਸ਼ੀ ਸਿੱਧ ਕੀਤਾ। 7 ਅਕਤੂਬਰ 1930 ਨੂੰ ਅਦਾਲਤ ਦਾ ਇਹ ਫ਼ੈਸਲਾ ਆਇਆ ਜਿਸ ਤਹਿਤ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਉਨ੍ਹਾਂ ਦੇ ਸਾਥੀਆਂ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਤੇ ਆਖ਼ਰ ਉਹ ਅਭਾਗਾ ਦਿਨ 23 ਮਾਰਚ 1931 ਜਦੋਂ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋਨੋਂ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ ਗਿਆ। ਫਾਂਸੀ ਦੀ ਤਰੀਕ 24 ਮਾਰਚ ਤੈਅ ਹੋਈ ਸੀ ਪਰ ਲੋਕਾਂ ਦੇ ਵਿਰੋਧ ਕਾਰਨ 23 ਮਾਰਚ ਨੂੰ ਹੀ ਇਹ ਸਜ਼ਾ ਦੇ ਦਿੱਤੀ ਗਈ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਅੰਗਰੇਜ਼ ਹਕੂਮਤ ਲੋਕਾਂ ਦੇ ਵਿਰੋਧ ਤੋਂ ਡਰਦੇ ਹੋਏ ਇਨ੍ਹਾਂ ਤਿੰਨੋਂ ਆਜ਼ਾਦੀ ਘੁਲਾਟੀਆਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਕੇ ਬੋਰੀਆਂ ਵਿੱਚ ਬੰਦ ਕਰ ਕੇ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਲੈ ਗਈ। ਜਦੋਂ ਉਥੇ ਉਨ੍ਹਾਂ ਦੇ ਟੁਕੜਿਆਂ ਨੂੰ ਅੱਗ ਲਗਾਉਣ ਲੱਗੇ ਤਾਂ ਲੋਕ ਇਕੱਠੇ ਹੋ ਗਏ ਅਤੇ ਅੰਗਰੇਜ਼ ਹਕੂਮਤ ਦੇ ਸਿਪਾਹੀਆਂ ਨੇ ਸਤਲੁਜ ਦੇ ਵਿੱਚ ਹੀ ਉਹ ਸਰੀਰ ਦੇ ਹਿੱਸੇ ਰੋੜ੍ਹ ਦਿੱਤੇ। ਪਰ ਹਾਜ਼ਰ ਲੋਕਾਂ ਨੇ ਉਨ੍ਹਾਂ ਨੂੰ ਇਕੱਤਰ ਕਰਕੇ ਵਿਧੀਵਤ ਤਰੀਕੇ ਨਾਲ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ।

ਹੁਸੈਨੀਵਾਲਾ ਵਿਖੇ ਇਨ੍ਹਾਂ ਤਿੰਨੋਂ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ ਹਨ। ਅਸੀਂ ਅੱਜ ਜਿੰਨਾ ਖੁੱਲ੍ਹੀਆਂ ਫ਼ਿਜ਼ਾਵਾਂ ਦੇ ਵਿਚ ਸਾਹ ਲੈ ਰਹੇ ਹਾਂ ਉਹ ਇਨ੍ਹਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਦੇ ਸਦਕਾ ਹੈ। ਸਾਨੂੰ ਯਾਦ ਰੱਖਣਾ ਪਵੇਗਾ ਕਿ ਕੀ ਅਸੀਂ ਉਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਤੇ ਪੂਰੇ ਉਤਰ ਰਹੇ ਹਾਂ ਜਾਂ ਨਹੀਂ। ਸਾਨੂੰ ਆਪਣੇ ਸਾਰੇ ਕਾਰਜ ਇਸ ਤਰੀਕੇ ਨਾਲ ਕਰਨੇ ਪੈਣਗੇ ਜੋ ਤੌਰ ਤਰੀਕੇ ਜੋ ਮਾਰਗ ਸਾਨੂੰ ਇਨ੍ਹਾਂ ਮਹਾਨ ਸ਼ਹੀਦਾਂ ਨੇ ਦਿਖਾਏ ਸਨ।

ਅਦਾਰਾ ਪੰਜਾਬ ਟੂਡੇ ਅੱਜ ਇਸ ਮਹਾਨ ਸ਼ਹੀਦ ਦੇ ਜਨਮ ਦਿਵਸ ਮੌਕੇ ਨਤਮਸਤਕ ਹੁੰਦਾ ਹੈ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।

Related Stories

No stories found.
logo
Punjab Today
www.punjabtoday.com