ਬਗਾਵਤ: ਜਗਮੀਤ ਬਰਾੜ ਨੇ ਤਾਲਮੇਲ ਕਮੇਟੀ 'ਚ ਬੀਬੀ ਜਗੀਰ ਕੌਰ ਨੂੰ ਕੀਤਾ ਸ਼ਾਮਿਲ

ਜਗਮੀਤ ਬਰਾੜ ਨੇ ਇਕ ਵਾਰ ਫਿਰ ਪਾਰਟੀ ਮੁੱਖੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਕੇ ਖੁਦ ਨੂੰ ਪਾਰਟੀ ਮੁੱਖੀ ਦੇ ਬਰਾਬਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਪਾਰਟੀ ਵਿੱਚ ਉਨ੍ਹਾਂ ਪ੍ਰਤੀ ਨਾਰਾਜ਼ਗੀ ਵਧ ਗਈ ਹੈ।
ਬਗਾਵਤ: ਜਗਮੀਤ ਬਰਾੜ ਨੇ ਤਾਲਮੇਲ ਕਮੇਟੀ 'ਚ ਬੀਬੀ ਜਗੀਰ ਕੌਰ ਨੂੰ ਕੀਤਾ ਸ਼ਾਮਿਲ

ਅਕਾਲੀ ਦਲ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਬਦਲਾਅ ਕੀਤਾ ਸੀ । ਹੁਣ ਵੀਰਵਾਰ ਨੂੰ ਪਾਰਟੀ ਦੀ ਕੋਰ ਕਮੇਟੀ 'ਚੋਂ ਬਾਹਰ ਕੱਢੇ ਗਏ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਆਪਣੇ ਪੱਧਰ 'ਤੇ ਪਾਰਟੀ ਦੀ ਤਾਲਮੇਲ ਕਮੇਟੀ ਦਾ ਵਿਸਤਾਰ ਕਰ ਲਿਆ ਹੈ।

ਜਗਮੀਤ ਸਿੰਘ ਬਰਾੜ ਦੇ ਇਸ ਆਚਰਣ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਦਿਆਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਰਿਪੋਰਟ ਦੇ ਆਧਾਰ 'ਤੇ ਬਰਾੜ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਵੀਰਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਜਗਮੀਤ ਬਰਾੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਮਾਨਾਂਤਰ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਪਾਰਟੀ ਦੀ ਤਾਲਮੇਲ ਕਮੇਟੀ ਦੇ ਵਿਸਥਾਰ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਅਤੇ ਲੋਕ ਕੇਂਦਰਿਤ ਨੀਤੀਆਂ ਬਣਾਉਣ ਦੀ ਮੰਗ ਵੀ ਉਠਾਈ। ਬਰਾੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਦੇ 16 ਮੈਂਬਰ ਸਨ। ਹੁਣ 12 ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ। ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ 'ਚੋਂ ਕੱਢੀ ਗਈ ਬੀਬੀ ਜਗੀਰ ਕੌਰ ਤੋਂ ਇਲਾਵਾ ਕਮੇਟੀ 'ਚ ਸ਼ਾਮਿਲ ਕਈ ਹੋਰ ਮੈਂਬਰ ਵੀ ਸ਼ਾਮਿਲ ਹਨ। ਇਸ ਦੇ ਨਾਲ ਹੀ ਬਰਾੜ ਨੇ 9 ਦਸੰਬਰ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਹੈ।

ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਅਕਾਲੀ ਦਲ ਦਾ ਏਜੰਡਾ ਕੀ ਹੋਵੇਗਾ, ਇਹ ਸਪੱਸ਼ਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਲਗਾਤਾਰ ਪਾਰਟੀ ਮੁਖੀ ਖਿਲਾਫ ਬਿਆਨਬਾਜ਼ੀ ਕਰਦੇ ਆ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਆਪਣੀ ਰਾਏ ਜਨਤਕ ਤੌਰ 'ਤੇ ਪ੍ਰਗਟ ਕਰਦੇ ਰਹੇ ਹਨ। ਵਿਰੋਧ ਕਰਨ 'ਤੇ ਪਾਰਟੀ ਨੇ 20 ਅਕਤੂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਬਾਅਦ 'ਚ ਇਹ ਮਾਮਲਾ ਰੁੱਕ ਗਿਆ ਅਤੇ ਜਗਮੀਤ ਬਰਾੜ ਵੀ ਚੁੱਪ ਰਹੇ।

ਵੀਰਵਾਰ ਨੂੰ ਬਰਾੜ ਨੇ ਇਕ ਵਾਰ ਫਿਰ ਪਾਰਟੀ ਮੁਖੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਕੇ ਖੁਦ ਨੂੰ ਪਾਰਟੀ ਮੁਖੀ ਦੇ ਬਰਾਬਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਪਾਰਟੀ ਵਿੱਚ ਉਨ੍ਹਾਂ ਪ੍ਰਤੀ ਨਾਰਾਜ਼ਗੀ ਵਧ ਗਈ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਬਰਾੜ ਦਾ ਮਾਮਲਾ ਅਨੁਸ਼ਾਸਨੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Related Stories

No stories found.
logo
Punjab Today
www.punjabtoday.com