16 ਅਕਤੂਬਰ 2021
ਪੰਜਾਬ ਤੋਂ ਸ਼ੁਰੂ ਹੋਇਆ ਖੇਤੀ ਅੰਦੋਲਨ ਇਕ ਅਜਿਹਾ ਅੰਦੋਲਨ ਹੈ, ਜਿਸਨੇ ਪੂਰੇ ਦੇਸ਼ ਨੂੰ ਇੱਕ ਕਰ ਦਿੱਤਾ ਹੈ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਇਸ 'ਚ ਕੇਵਲ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਸ਼ਾਮਿਲ ਸਨ। ਪਰ ਜਿਓਂ ਹੀ ਇਸ ਅੰਦੋਲਨ ਨੇ ਰਫਤਾਰ ਫੜੀ ਤਾਂ ਦੇਸ਼ ਦੇ ਸਾਰੇ ਰਾਜਾਂ ਤੋਂ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਿਲ ਹੁੰਦੇ ਗਏ। ਹੁਣ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਵੀ ਇਸ ਅੰਦੋਲਨ ਦਾ ਹਿੱਸਾ ਬਣ ਗਏ ਹਨ। ਇਹ ਅੰਦੋਲਨ ਕੇਂਦਰ ਸਰਕਾਰ ਦੁਆਰਾ ਬਣਾਏ ਗਏ, ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੀਤਾ ਗਿਆ ਹੈ। ਇਸ ਅੰਦੋਲਨ ਨੂੰ ਸ਼ੁਰੂ ਹੋਏ ਇੱਕ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ, ਤਾਂ ਖੇਤੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਲਗਾਤਾਰ ਹੁੰਦੀ ਰਹਿੰਦੀ ਸੀ, ਪਰ ਹੁਣ ਕਾਫੀ ਸਮੇਂ ਤੋਂ ਇਹਨਾਂ ਦੋਵੇਂ ਧਿਰਾਂ ਵਿਚਾਲੇ ਕੋਈ ਵੀ ਬੈਠਕ ਨਹੀਂ ਹੋਈ ਹੈ। ਸਰਕਾਰ ਦੀ ਰਣਨੀਤੀ ਇਹ ਹੋ ਸਕਦੀ ਹੈ ਕਿ ਕਿਸਾਨ ਥੱਕ-ਹਾਰ ਕੇ, ਇਸ ਅੰਦੋਲਨ ਨੂੰ ਖਤਮ ਕਰ ਦੇਣਗੇ। ਪਰ ਕਿਸਾਨਾਂ ਦਾ ਕਹਿਣਾ ਹੈ, ਜੇਕਰ ਇਹਨਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ 2024 ਤੱਕ ਵੀ ਇਸ ਅੰਦੋਲਨ ਨੂੰ ਜਾਰੀ ਰੱਖਣਗੇ। ਇੱਥੇ ਇੱਕ ਗੱਲ ਤਾਂ ਸਾਫ ਹੈ ਕਿ ਇਹ ਅੰਦੋਲਨ ਜਿਨ੍ਹਾਂ ਲੰਬਾ ਚਲੇਗਾ, ਬੀਜੇਪੀ ਨੂੰ ਇਸਦਾ ਉਨ੍ਹਾਂ ਹੀ ਨੁਕਸਾਨ ਹੋਵੇਗਾ। ਇਸ ਲਈ ਬੀਜੇਪੀ ਨੂੰ ਕਿਸਾਨਾਂ ਦੀ ਗੱਲ ਮੰਨ੍ਹ ਕੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਨਾ ਚਾਹੀਦਾ ਹੈ। ਜੇਕਰ ਇਸ ਅੰਦੋਲਨ 'ਚ ਆਮ ਲੋਕਾਂ ਨੇ ਜ਼ਿਆਦਾ ਮਾਤਰਾ 'ਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਨਾਲ ਬੀਜੇਪੀ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।