
ਨਵਜੋਤ ਸਿੱਧੂ ਦੀ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਹੁਣ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਿੱਤਰ ਆਏ ਹਨ।
ਤਿਵਾੜੀ ਨੇ ਵੀ ਟਵਿੱਟਰ 'ਤੇ ਆਪਣਾ ਸਮਰਥਨ ਸਿੱਧੂ ਨੂੰ ਦਿਤਾ ਹੈ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਸਿੱਧੂ ਦੀ ਫਾਈਲ ਨਾ ਤਾਂ ਕੈਬਨਿਟ 'ਚ ਲਿਆਂਦੀ ਗਈ ਅਤੇ ਨਾ ਹੀ ਰਾਜਪਾਲ ਨੂੰ ਭੇਜੀ ਗਈ।
ਪਟਿਆਲਾ ਜੇਲ 'ਚ ਸਜ਼ਾ ਕੱਟ ਰਹੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਜਲਦ ਰਿਹਾਅ ਨਾ ਹੋਣ 'ਤੇ ਉਨ੍ਹਾਂ ਦੇ ਸਮਰਥਕਾਂ ਵੀ ਨਿਰਾਸ਼ ਹਨ। ਉਨ੍ਹਾਂ ਦੇ ਸਮਰਥਕਾਂ ਦੇ ਨਾਲ-ਨਾਲ ਪਾਰਟੀ ਵਿੱਚ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ਼ਨੀਵਾਰ ਨੂੰ ਸਿੱਧੂ ਦੀ ਰਿਹਾਈ ਦੀ ਮੰਗ ਉਠਾਈ ਸੀ। ਸਿੱਧੂ ਦੇ ਸਮਰਥਕ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਨੇ ਪਟਿਆਲਾ ਜੇਲ੍ਹ ਦੇ ਬਾਹਰ ਪੰਜਾਬ ਭਰ ਵਿੱਚ ਸਵਾਗਤੀ ਬੋਰਡ ਲਗਾ ਕੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਸੀ। ਸਮਰਥਕਾਂ ਨੇ ਸਿੱਧੂ ਦੀ ਰਿਹਾਈ ਨਾ ਹੋਣ 'ਤੇ ਨਾ ਸਿਰਫ਼ ਨਿਰਾਸ਼ਾ ਪ੍ਰਗਟਾਈ ਸਗੋਂ ਗੁੱਸਾ ਵੀ ਪ੍ਰਗਟਾਇਆ।
ਇਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਅਤੇ ਮਹਿੰਦਰ ਸਿੰਘ ਕੇਪੀ ਨੇ ਪੰਜਾਬ ਸਰਕਾਰ ਸਮੇਤ ਆਪਣੀ ਪਾਰਟੀ ਦੇ ਆਗੂਆਂ ਨੂੰ ਘੇਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੂੰ ਅੰਮ੍ਰਿਤ ਮਹੋਤਸਵ ਸਕੀਮ ਤਹਿਤ ਕੈਦੀਆਂ ਦੀ ਰਿਹਾਈ ਲਈ ਭੇਜੀ ਗਈ ਫਾਈਲ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਨਹੀਂ ਸੀ। ਮੰਤਰੀ ਮੰਡਲ ਨੇ ਸਿਰਫ਼ ਤਿੰਨ ਕੈਦੀਆਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਲਖਵੀਰ ਸਿੰਘ ਕੇਂਦਰੀ ਜੇਲ੍ਹ ਫ਼ਰੀਦਕੋਟ, ਰਵਿੰਦਰ ਸਿੰਘ ਕੇਂਦਰੀ ਜੇਲ੍ਹ ਅੰਮ੍ਰਿਤਸਰ ਅਤੇ ਤਸਪ੍ਰੀਤ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਦੋ ਅਨਿਰੁਧ ਮੰਡਲ ਅਤੇ ਸ਼ੰਭੂ ਮੰਡਲ ਦੇ ਨਾਂ ਵੀ ਸੂਚੀ ਵਿੱਚ ਹਨ।