
ਕਾਂਗਰਸ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾ ਕੁਝ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚੋ ਕੱਢ ਦਿਤਾ ਸੀ। ਸੁਨੀਲ ਜਾਖੜ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਮਨਪ੍ਰੀਤ ਬਾਦਲ ਨੇ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ, ਪਰ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਵਿੱਚ ਸ਼ਾਮਲ ਨਹੀਂ ਹੋਏ। ਫਿਰ ਕੱਲ੍ਹ 18 ਜਨਵਰੀ ਨੂੰ ਕਾਂਗਰਸ ਤੋਂ ਤੁਰੰਤ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇਤਾਵਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੋ ਵੀ ਉੱਥੇ ਜਾਂਦਾ ਹੈ, ਉਹ ਕਿਸੇ ਨਾ ਕਿਸੇ ਦਬਾਅ 'ਚ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਸੀਬੀਆਈ, ਈਡੀ ਜਾਂ ਹੋਰ ਸਮਾਨ ਦਬਾਅ ਕਿਹਾ ਹੈ।
ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅਜਿਹੇ ਲੋਕ ਹੁਣ ਪਾਰਟੀ 'ਚ ਨਹੀਂ ਰਹੇ, ਪਰ ਉਨ੍ਹਾਂ ਦੇ ਇਸ ਦਾਅਵੇ ਦੇ ਅਗਲੇ ਹੀ ਦਿਨ 18 ਜਨਵਰੀ ਨੂੰ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਜਦਕਿ ਬਾਦਲ 'ਤੇ ਫਿਲਹਾਲ ਸੀਬੀਆਈ ਅਤੇ ਈਡੀ ਦੀ ਜਾਂਚ ਦਾ ਕੋਈ ਮਾਮਲਾ ਨਹੀਂ ਹੈ। ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਸਿੱਧੂ ਦੇ ਵੀ 26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਸਵਾਲ ਉੱਠ ਰਹੇ ਹਨ, ਕੀ ਸਿੱਧੂ ਮੁੜ ਕਾਂਗਰਸ ਨਾਲ ਆਪਣੀ ਸਿਆਸੀ ਪਾਰੀ ਸ਼ੁਰੂ ਕਰਨਗੇ ਜਾਂ ਉਨ੍ਹਾਂ ਨੇ ਵੀ ਬੀਜੇਪੀ ਵਿਚ ਜਾਣ ਦਾ ਮਨ ਬਣਾ ਲਿਆ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਗੱਲ ਕਹੀ ਹੈ। ਪੰਜਾਬ ਦੀ ਸਿਆਸਤ ਵਿੱਚ ਇਹ ਵੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਪੰਜਾਬ ਭਾਜਪਾ ਤੋਂ ਦੂਰੀ ਬਣਾ ਕੇ ਰੱਖਣਗੇ, ਕਿਉਂਕਿ ਉਨ੍ਹਾਂ ਦੇ ਵਿਰੋਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ। ਹਾਲਾਂਕਿ ਕਈ ਸਵਾਲਾਂ 'ਤੇ ਸਥਿਤੀ ਪੂਰੀ ਤਰ੍ਹਾਂ ਸਿੱਧੂ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਮਨਪ੍ਰੀਤ ਸਿੰਘ ਬਾਦਲ ਵਾਂਗ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਰਾਹੁਲ ਗਾਂਧੀ ਦੇ ਦੌਰੇ ਤੋਂ ਦੂਰੀ ਬਣਾਈ ਰੱਖੀ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨ ਸਭਾ 29 ਜਨਵਰੀ ਨੂੰ ਪਟਿਆਲਾ ਵਿੱਚ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਨੀਤ ਕੌਰ ਵੀ ਭਾਜਪਾ 'ਚ ਸ਼ਾਮਲ ਹੋ ਸਕਦੀ ਹੈ।