
ਪੰਜਾਬ ਦੀਆਂ ਕੁੜੀਆਂ ਨੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਦਿਤਾ ਹੈ। ਸਾਕਸ਼ਰਤਾ ਦਰ ਦੇ ਮਾਮਲੇ ਵਿੱਚ ਪੰਜਾਬ ਦੇ ਸਭ ਤੋਂ ਪਛੜੇ ਜ਼ਿਲ੍ਹੇ ਮਾਨਸਾ ਦੀਆਂ ਧੀਆਂ ਨੇ ਇਸ ਵਾਰ ਕਮਾਲ ਕਰ ਦਿੱਤਾ ਹੈ। ਪਹਿਲਾਂ ਪੰਜਵੀਂ, ਫਿਰ ਅੱਠਵੀਂ ਅਤੇ ਹੁਣ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ।
ਮਾਨਸਾ ਜ਼ਿਲ੍ਹੇ ਦੇ ਇੱਕ ਮੱਧ ਵਰਗੀ ਪਰਿਵਾਰ ਦੀ ਪੁੱਤਰੀ ਸੁਜਾਨ ਕੌਰ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੇਟੀ ਦੀ ਇਸ ਕਾਮਯਾਬੀ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸੁਜਾਨ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸਕੂਲ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਸੁਜਾਨ ਕੌਰ ਨੇ ਕਰਾਟੇ, ਮਾਰਸ਼ਲ ਆਰਟਸ, ਕਿੱਕ ਬਾਕਸਿੰਗ ਅਤੇ ਤਾਈਕਵਾਂਡੋ ਵਿੱਚ ਰਾਜ ਪੱਧਰ 'ਤੇ ਚਾਂਦੀ ਦੇ ਤਗਮੇ ਜਿੱਤੇ ਹਨ। ਸੁਜਾਨ ਨੇ ਬਿਨਾਂ ਕਿਸੇ ਕੋਚਿੰਗ ਦੇ ਇਹ ਸਫਲਤਾ ਹਾਸਲ ਕੀਤੀ ਹੈ।
ਤਿੰਨ ਭੈਣਾਂ ਅਤੇ ਇੱਕ ਭਰਾ ਵਿੱਚੋਂ ਸਭ ਤੋਂ ਵੱਡੀ ਸੁਜਾਨ ਕੌਰ ਦਾ ਸੁਪਨਾ ਭਵਿੱਖ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ। ਸੁਜਾਨ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੈ। ਬੇਟੀ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਾਲਾਂਕਿ ਵਿਦਿਆਰਥੀ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਆਪਣਾ ਨਤੀਜਾ ਦੇਖ ਸਕਣਗੇ।
ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਬੇਟੀ ਦੀ ਇਸ ਕਾਮਯਾਬੀ ਨਾਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਇੱਕ ਦੂਜੇ ਨੂੰ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ। ਸ਼੍ਰੇਆ ਸਿੰਗਲਾ ਵਰਤਮਾਨ ਵਿੱਚ ਬੈਡਮਿੰਟਨ ਖੇਡ ਵਿਸ਼ਵ ਸੀਨੀਅਰ ਅਤੇ ਜੂਨੀਅਰ ਸ਼੍ਰੇਣੀ ਬੈਡਮਿੰਟਨ ਕੱਪ ਲਈ ਹੈਦਰਾਬਾਦ ਸਪੋਰਟਸ ਅਕੈਡਮੀ ਵਿੱਚ ਕੋਚਿੰਗ ਦੇ ਰਹੀ ਹੈ। ਸ਼੍ਰੇਆ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੇਆ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਟਾਪ ਕਰਦੀ ਹੈ।
ਇਸਤੋਂ ਇਲਾਵਾ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਆਰਟਸ ਸਟਰੀਮ ਵਿੱਚ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਨਵਪ੍ਰੀਤ ਕੌਰ 99.40 ਫ਼ੀਸਦੀ ਅੰਕ ਲੈ ਕੇ ਪੰਜਾਬ ਵਿੱਚੋਂ ਤੀਜੇ ਸਥਾਨ 'ਤੇ ਰਹੀ ਹੈ।