
ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਵਿਭਾਗਾਂ 'ਚ ਸੁਚਾਰੂ ਰੂਪ 'ਚ ਕੰਮ ਕਰਾਉਣ ਲਈ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਕੋਈ ਵੀ ਅਧਿਕਾਰੀ ਆਪਣੇ ਸੀਨੀਅਰ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਆਪਣਾ ਹੈੱਡਕੁਆਰਟਰ ਨਾ ਛੱਡੇ।
ਇਹ ਗੱਲ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 'ਆਪ' ਵਿਧਾਇਕ ਦਿਨੇਸ਼ ਚੱਢਾ ਦੇ ਧਿਆਨ ਖਿੱਚਣ ਵਾਲੇ ਮਤੇ ਦੇ ਜਵਾਬ 'ਚ ਕਹੀ। ਦਿਨੇਸ਼ ਚੱਢਾ ਨੇ ਆਪਣੇ ਮਤੇ ਰਾਹੀਂ ਦੱਸਿਆ ਕਿ ਲੰਬੇ ਸਮੇਂ ਤੋਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਸਟੇਸ਼ਨਾਂ 'ਤੇ ਰੁਕਣ ਦੀ ਬਜਾਏ ਸ਼ਾਮ 5 ਵਜੇ ਤੋਂ ਬਾਅਦ ਚੰਡੀਗੜ੍ਹ, ਮੋਹਾਲੀ ਜਾਂ ਹੋਰ ਥਾਵਾਂ 'ਤੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਇਸ ਨਾਲ ਜਨਤਕ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਚੱਢਾ ਨੇ ਮੰਗ ਕੀਤੀ ਕਿ ਇਸ ਸਬੰਧੀ ਲੋੜੀਂਦੇ ਹੁਕਮ ਜਾਰੀ ਕੀਤੇ ਜਾਣ। ਇਸ ਦੇ ਜਵਾਬ 'ਚ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਨਾਅਰਾ 'ਲੋਕਾਂ ਦੇ ਬੂਹੇ 'ਤੇ ਸਰਕਾਰ' ਹੈ। ਇਸ ਨਾਅਰੇ ਨੂੰ ਅਮਲੀ ਰੂਪ ਦਿੰਦਿਆਂ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਇੱਕ ਰਸਮੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
'ਆਪ' ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਧਿਆਨ ਦਿਵਾਊ ਮਤੇ ਰਾਹੀਂ ਜਗਰਾਉਂ ਹਲਕੇ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਘਰਾਂ ਦੇ ਬਾਹਰ ਬਿਜਲੀ ਦੇ ਮੀਟਰਾਂ ਨੂੰ ਸ਼ਿਫਟ ਕਰਨ ਅਤੇ ਉੱਚਾ ਕਰਨ ਦਾ ਮੁੱਦਾ ਉਠਾਇਆ। ਤਜਵੀਜ਼ ਵਿੱਚ ਮਾਣੂੰਕੇ ਨੇ ਹਲਕੇ ਦੇ ਪਿੰਡਾਂ ਵਿੱਚ ਪੁਰਾਣੀਆਂ ਤਾਰਾਂ ਨੂੰ ਬਦਲਣ ਦੀ ਮੰਗ ਵੀ ਕੀਤੀ। ਇਸ ’ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਜਗਰਾਉਂ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਬਿਜਲੀ ਦੇ ਮੀਟਰ ਬਦਲਣ ਦਾ ਕੰਮ 2011-12 ਵਿੱਚ ਬਠਿੰਡਾ ਦੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ ਅਤੇ ਇਸ ਕੰਮ ਨੂੰ ਪੂਰਾ ਹੋਏ 11-12 ਸਾਲ ਬੀਤ ਚੁੱਕੇ ਹਨ। ਇਸ ਸਮੇਂ ਦੌਰਾਨ ਮੀਟਰ ਹੇਠਾਂ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਨਹੀਂ ਵਾਪਰਿਆ। ਕੁਝ ਪਿੰਡਾਂ ਦੀਆਂ ਗਲੀਆਂ ਪੱਕੀਆਂ ਹੋਣ ਕਾਰਨ ਮੀਟਰ ਅਤੇ ਤਾਰਾਂ ਬਹੁਤ ਨੀਵੀਆਂ ਦਿਖਾਈ ਦੇਣ ਲੱਗ ਪਈਆਂ ਹਨ, ਜਿਨ੍ਹਾਂ ਦੀ ਜਾਂਚ ਕਰਨ ਉਪਰੰਤ ਇਨ੍ਹਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।