
ਕੈਨੇਡਾ 'ਚ ਕਲ ਰਾਤ ਮਸ਼ਹੂਰ ਗੈਂਗਸਟਰ ਅਮਰਪ੍ਰੀਤ ਸਮਰਾ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿਤੀ। ਕੈਨੇਡਾ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ 'ਚੱਕੀ' ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਵਿੱਚ ਸੀ। ਰਾਤ ਨੂੰ ਡਿਨਰ ਅਤੇ ਡਾਂਸ ਕਰਨ ਤੋਂ ਬਾਅਦ ਜਿਵੇਂ ਹੀ ਉਹ ਸਮਾਗਮ ਵਾਲੀ ਥਾਂ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਕਾਰਕੁਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਹਮਲਾਵਰਾਂ ਨੇ ਉਸ ਵਾਹਨ ਨੂੰ ਵੀ ਅੱਗ ਲਗਾ ਦਿੱਤੀ ਜਿਸ ਵਿਚ ਉਹ ਆਏ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਮਸ਼ੀਨ ਗਨ ਤੋਂ ਗੋਲੀਬਾਰੀ ਕੀਤੀ ਗਈ ਹੋਵੇ।
ਅਮਰਪ੍ਰੀਤ ਸਿੰਘ ਸਮਰਾ ਉਰਫ 'ਚੱਕੀ' ਸੰਯੁਕਤ ਰਾਸ਼ਟਰ (UN) ਦੀ ਟਾਪ-10 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸਦੇ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਸੀ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਹਮਲਾਵਰ ਪਹਿਲਾਂ ਹੀ ਵਿਆਹ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ।
ਇਸਦੇ ਨਾਲ ਹੀ ਕੈਨੇਡੀਅਨ ਪੁਲਿਸ ਅਧਿਕਾਰੀ ਤਾਨੀਆ ਵਿਸਟਿਨ ਨੇ ਦੱਸਿਆ ਕਿ ਪੁਲਿਸ ਹੈਲਪਲਾਈਨ 'ਤੇ 1.30 ਵਜੇ ਕਾਲ ਆਈ ਅਤੇ ਪੁਲਿਸ ਉਸੇ ਸਮੇਂ ਉਥੇ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਸੀਪੀਆਰ ਦੇ ਕੇ ਅਮਰਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਦਮ ਤੋੜ ਦਿੱਤਾ। ਪੁਲਿਸ ਨੇ ਨੰਬਰ ਜਾਰੀ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ।
28 ਸਾਲਾ ਅਮਰਪ੍ਰੀਤ ਸਮਰਾ ਨੂੰ 'ਚੱਕੀ' ਵੀ ਕਿਹਾ ਜਾਂਦਾ ਸੀ। "ਚੱਕੀ" ਸਮਰਾ ਨੂੰ ਫਰੇਜ਼ਰ ਸੇਂਟ ਐਂਡ ਸਾਊਥ ਈਸਟ ਮਰੀਨ ਨੇੜੇ ਫਰੇਜ਼ਰਵਿਊ ਬੈਂਕੁਏਟ ਹਾਲ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਰਿਪੋਰਟਾਂ ਦਾ ਕਹਿਣਾ ਹੈ ਕਿ ਇਹ ਚੱਲ ਰਹੇ ਗੈਂਗ ਸੰਘਰਸ਼ ਨਾਲ ਸਬੰਧਤ ਇੱਕ ਨਿਸ਼ਾਨਾ ਗੋਲੀਬਾਰੀ ਸੀ। ਕੁਝ ਮਹਿਮਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਹਾਲ ਵਿੱਚ ਵਾਪਸ ਚਲੇ ਗਏ ਸਨ ਅਤੇ ਡੀਜੇ ਨੂੰ ਸੰਗੀਤ ਬੰਦ ਕਰਨ ਲਈ ਕਿਹਾ ਸੀ। ਉਸ ਸਮੇਂ ਸਮਾਗਮ ਵਾਲੀ ਥਾਂ 'ਤੇ 60 ਦੇ ਕਰੀਬ ਮਹਿਮਾਨ ਮੌਜੂਦ ਸਨ।