ਕਾਂਗਰਸ ਨੇ ਪ੍ਰਨੀਤ ਕੌਰ ਨੂੰ ਕੀਤਾ ਮੁਅੱਤਲ, ਭਾਜਪਾ ਨਾਲ ਮਿਲੀਭੁਗਤ ਦਾ ਆਰੋਪ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਭੇਜ ਕੇ ਪ੍ਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਕੀਤਾ ਮੁਅੱਤਲ, ਭਾਜਪਾ ਨਾਲ ਮਿਲੀਭੁਗਤ ਦਾ ਆਰੋਪ

ਕਾਂਗਰਸ ਨੇ ਪ੍ਰਨੀਤ ਕੌਰ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਰਸ ਨੇ ਮੁਅੱਤਲ ਕਰ ਦਿੱਤਾ ਹੈ। ਪ੍ਰਨੀਤ ਕੌਰ 'ਤੇ ਇਹ ਕਾਰਵਾਈ ਭਾਜਪਾ ਨਾਲ ਮਿਲ ਕੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਭੇਜ ਕੇ ਪ੍ਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।

ਇਸ ਸ਼ਿਕਾਇਤ ਦੇ ਆਧਾਰ 'ਤੇ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ (ਡੀਏਸੀ) ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੇ ਪ੍ਰਨੀਤ ਕੌਰ ਨੂੰ ਮੁਅੱਤਲ ਕਰਨ ਦਾ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਪ੍ਰਨੀਤ ਕੌਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਚੌਥੀ ਵਾਰ ਲੋਕ ਸਭਾ ਲਈ ਚੁਣੀ ਗਈ ਹੈ। ਉਨ੍ਹਾਂ ਨੇ ਸਾਲ 1999 ਵਿੱਚ ਪਟਿਆਲਾ ਸੀਟ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਜਿੱਤੀ ਸੀ । ਉਹ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਜਿੱਤੀ ਸੀ।

ਪ੍ਰਨੀਤ ਕੌਰ ਇਸ ਦੌਰਾਨ ਉਹ ਮਨਮੋਹਨ ਸਿੰਘ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਆਮ ਆਦਮੀ ਪਾਰਟੀ (ਆਪ) ਦੇ ਧਰਮਵੀਰ ਗਾਂਧੀ ਤੋਂ ਹਾਰ ਗਈ ਸੀ। 2019 ਦੀਆਂ ਚੋਣਾਂ ਵਿੱਚ ਉਹ ਫਿਰ ਜਿੱਤ ਕੇ ਸੰਸਦ ਵਿੱਚ ਪਹੁੰਚੀ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਕੈਪਟਨ ਅਮਰਿੰਦਰ ਮੁੱਖ ਮੰਤਰੀ ਸਨ। 2021 'ਚ ਨਵਜੋਤ ਸਿੰਘ ਸਿੱਧੂ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਂਡ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਸੀ।

ਕਾਂਗਰਸ ਹਾਈਕਮਾਂਡ ਨੇ ਜੁਲਾਈ 2021 ਵਿੱਚ ਸਿੱਧੂ ਨੂੰ ਪੰਜਾਬ ਇਕਾਈ ਦਾ ਮੁਖੀ ਬਣਾਇਆ ਅਤੇ ਸਤੰਬਰ 2021 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਦੇ ਅਸਤੀਫੇ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਨੇ 18 ਸਤੰਬਰ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਕਾਂਗਰਸ ਛੱਡ ਦਿੱਤੀ ਸੀ। ਉਸਨੇ 2 ਨਵੰਬਰ 2021 ਨੂੰ ਪੰਜਾਬ ਲੋਕ ਕਾਂਗਰਸ (PLC) ਨਾਮ ਦੀ ਪਾਰਟੀ ਬਣਾਈ। ਕੈਪਟਨ ਨੇ ਫਰਵਰੀ-2022 ਵਿਚ ਭਾਜਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਬੁਰੀ ਤਰ੍ਹਾਂ ਹਾਰ ਗਏ ਸਨ। ਇਸ ਤੋਂ ਬਾਅਦ 19 ਸਤੰਬਰ 2022 ਨੂੰ ਕੈਪਟਨ ਨੇ ਆਪਣੀ ਪਾਰਟੀ ਨੂੰ ਭਾਜਪਾ 'ਚ ਰਲੇਵਾਂ ਕਰ ਲਿਆ ਅਤੇ ਖੁਦ ਭਾਜਪਾ 'ਚ ਸ਼ਾਮਲ ਹੋ ਗਏ।

Related Stories

No stories found.
logo
Punjab Today
www.punjabtoday.com